ਹੁਸ਼ਿਆਰਪੁਰ: ਪੁਲਿਸ ਨੇ ਦਾਅਵਾ ਕੀਤਾ ਹੈ ਕਿ ਲੁਧਿਆਣਾ ਬੰਬ ਧਮਾਕੇ ਦੇ ਮਾਸਟਰ ਮਾਈਂਡ ਨੂੰ ਜਰਮਨੀ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਜਰਮਨੀ ਵਿੱਚ ਪੁਲਿਸ ਨੇ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ ਨਾਲ ਜੁੜੇ ਜਸਵਿੰਦਰ ਸਿੰਘ ਮੁਲਤਾਨੀ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਰਹਿੰਦੇ ਜਸਵਿੰਦਰ ਦੇ ਪਿਤਾ ਅਜੀਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਫਸਾਇਆ ਜਾ ਰਿਹਾ ਹੈ।


ਦੱਸ ਦਈਏ ਕਿ ਜਸਵਿੰਦਰ ਸਿੰਘ ਮੁਲਤਾਨੀ ਹੁਸ਼ਿਆਰਪੁਰ ਦੇ ਮੁਕੇਰੀਆਂ ਅਧੀਨ ਪੈਂਦੇ ਪਿੰਡ ਮਨਸੂਰਪੁਰ ਨਾਲ ਸਬੰਧਤ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਜਰਮਨ ਵਿੱਚ ਆਪਣੇ ਭੈਣ-ਭਰਾਵਾਂ ਨਾਲ ਰਹਿ ਰਿਹਾ ਸੀ। ਜਸਵਿੰਦਰ ਦੇ ਪਿਤਾ ਅਜੀਤ ਸਿੰਘ ਅਨੁਸਾਰ ਉਸ ਦਾ ਆਪਣੇ ਪੁੱਤਰ ਨਾਲ ਕੋਈ ਸੰਪਰਕ ਨਹੀਂ। ਉਹ ਜਰਮਨ ਜਾਣ ਤੋਂ ਬਾਅਦ ਕਦੇ ਭਾਰਤ ਵਾਪਸ ਨਹੀਂ ਆਇਆ। ਉਨ੍ਹਾਂ ਦਾਅਵਾ ਕੀਤਾ ਕਿ ਉਸ ਨੂੰ ਕਿਸੇ ਜਾਲ ਵਿੱਚ ਫਸਾਇਆ ਜਾ ਰਿਹਾ ਹੈ।


ਦਰਅਸਲ ਜਸਵਿੰਦਰ ਸਿੰਘ ਲੁਧਿਆਣਾ ਅਦਾਲਤ ਧਮਾਕੇ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ। ਖ਼ਬਰਾਂ ਮੁਤਾਬਕ ਜਸਵਿੰਦਰ ਸਿੰਘ ਦਿੱਲੀ ਤੇ ਮੁੰਬਈ ਵਿੱਚ ਦਹਿਸ਼ਤੀ ਹਮਲੇ ਕਰਨ ਦੀ ਵੀ ਯੋਜਨਾ ਬਣਾ ਰਿਹਾ ਸੀ। ਇਸੇ ਦੋਸ਼ 'ਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


ਜਸਵਿੰਦਰ ਸਿੰਘ (45) ਨੂੰ SFJ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਦਾ ਕਰੀਬੀ ਮੰਨਿਆ ਜਾਂਦਾ ਹੈ। ਜਸਵਿੰਦਰ 'ਤੇ ਕਥਿਤ ਤੌਰ 'ਤੇ ਵੱਖਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਵੀ ਦੋਸ਼ ਹੈ। ਬੌਨ ਤੇ ਨਵੀਂ ਦਿੱਲੀ ਸਥਿਤ ਡਿਪਲੋਮੈਟਾਂ ਮੁਤਾਬਕ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜਰਮਨ ਅਧਿਕਾਰੀਆਂ ਨੂੰ ਪਾਕਿਸਤਾਨੀ ਨਾਲ ਸਬੰਧ ਰੱਖਣ ਵਾਲੇ ਖਾਲਿਸਤਾਨ ਪੱਖੀ ਕੱਟੜਪੰਥੀ ਨੂੰ ਗ੍ਰਿਫਤਾਰ ਕਰਨ ਦੀ ਬੇਨਤੀ ਕਰਨ ਤੋਂ ਬਾਅਦ ਫੈਡਰਲ ਪੁਲਿਸ ਨੇ ਮੁਲਤਾਨੀ ਨੂੰ ਕੇਂਦਰੀ ਜਰਮਨੀ ਦੇ ਏਰਫਰਟ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਉਹ ਸਰਹੱਦ ਪਾਰ ਤੋਂ ਪੰਜਾਬ ਵਿੱਚ ਹਥਿਆਰਾਂ ਤੇ ਗੋਲਾ ਬਾਰੂਦ ਦੀ ਤਸਕਰੀ ਮਾਮਲੇ ਵਿੱਚ ਵੀ ਸ਼ਾਮਲ ਸੀ।



ਇਹ ਵੀ ਪੜ੍ਹੋ: ਪਰਿਵਾਰ ਲਈ ਕਰੀਅਰ ਦੀ ਕੁਰਬਾਨੀ ਦਿੰਦੀਆਂ ਹਨ ਪਤਨੀਆਂ, ਕਮਾਈ ਦੀ ਸਮਰੱਥਾ ਗੁਜ਼ਾਰੇ ਤੋਂ ਇਨਕਾਰ ਕਰਨ ਦਾ ਆਧਾਰ ਨਹੀਂ: ਹਾਈ ਕੋਰਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904