ਚੰਡੀਗੜ੍ਹ: ਬਾਗੀ ਵਿਧਾਇਕ ਸੁਖਪਾਲ ਖਹਿਰਾ ਤੇ ਹਰਵਿੰਦਰ ਸਿੰਘ ਫੂਲਕਾ ਦੇ ਅਸਤੀਫੇ ਮਗਰੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਜੋ ਲੋਕ ਪਾਰਟੀ ਵਿੱਚ ਸੱਤਾ ਤੇ ਕੁਰਸੀ ਦਾ ਲਾਲਚ ਰੱਖਦੇ ਹਨ, ਉਨ੍ਹਾਂ ਦੇ ਜਾਣ ਨਾਲ ਪਾਰਟੀ ਹੋਰ ਮਜ਼ਬੂਤ ਹੁੰਦੀ ਹੈ।

ਕੇਜਰੀਵਾਲ ਨੇ ਸੱਤਾ ਦੇ ਲਾਲਚ ਤੇ ਕੁਰਸੀ ਵੱਲ ਵੇਖਣ ਵਾਲੇ ਲੀਡਰਾਂ ਨੂੰ ਨਸੀਹਤ ਦਿੱਤੀ ਕਿ ਪਾਰਟੀ ਆਪ ਹੀ ਛੱਡ ਦੇਣ ਕਿਉਂਕਿ ਆਮ ਆਦਮੀ ਪਾਰਟੀ ਵਿੱਚ ਉਨ੍ਹਾਂ ਲਈ ਕੋਈ ਜਗ੍ਹਾ ਨਹੀਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸੋਚ ਵਾਲੇ ਲੀਡਰਾਂ ਵੱਲੋਂ ਪਾਰਟੀ ਛੱਡਣ ਮਗਰੋਂ ਪਾਰਟੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਵਿੱਚ ਹੋਏ ਕੰਮ ਦੀ ਚਰਚਾ ਸਾਰੇ ਦੇਸ਼ ਵਿੱਚ ਹੈ। ਇਸੇ ਤਰ੍ਹਾਂ ਬਾਕੀ ਪ੍ਰਦੇਸ਼ਾਂ ਵਿੱਚ ਵੀ ਆਮ ਆਦਮੀ ਪਾਰਟੀ ਆਪਣੀ ਸਰਕਾਰ ਬਣਾਉਣ ਤੋਂ ਬਾਅਦ ਕੰਮ ਨੂੰ ਪਹਿਲ ਦੇਵੇਗੀ।

ਹਰਿਆਣਾ ਦੇ ਪੰਚਕੂਲਾ ਵਿੱਚ ਪਹੁੰਚੇ ਕੇਜਰੀਵਾਲ ਨੇ ਕਿਹਾ ਕਿ ਜੇਕਰ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ 15 ਦਿਨ ਦੇ ਅੰਦਰ-ਅੰਦਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਦਿੱਲੀ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਸਾਰੇ ਕਰਮਚਾਰੀਆਂ ਨੂੰ ਸੁਖੀ ਰੱਖਣ ਦੀ ਜ਼ਿੰਮੇਵਾਰੀ ਸਰਕਾਰ ਨੇ ਚੁੱਕੀ ਜਿਸ ਕਰਕੇ ਦਿੱਲੀ ਵਿੱਚ ਹੋਏ ਕੰਮਾਂ ਦੀ ਚਰਚਾ ਸਾਰੇ ਦੇਸ਼ ਵਿੱਚ ਹੈ।

ਹਰਿਆਣਾ ਦੀ ਖੱਟੜ ਸਰਕਾਰ 'ਤੇ ਵਾਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਜਿਸ ਸਰਕਾਰ ਦਾ ਕਰਮਚਾਰੀ ਖੁਸ਼ ਨਹੀਂ, ਉਹ ਸਰਕਾਰ ਮੁੜ ਸੱਤਾ ਵਿੱਚ ਨਹੀਂ ਆ ਸਕਦੀ। ਕੇਜਰੀਵਾਲ ਨੇ ਭਾਜਪਾ ਤੇ ਕਾਂਗਰਸ 'ਤੇ ਇਲਜ਼ਾਮ ਲਾਇਆ ਕਿ ਸਰਕਾਰਾਂ ਵੱਲੋਂ ਪੈਨਸ਼ਨਾਂ ਵੱਡੇ ਘਰਾਣਿਆਂ ਅੱਗੇ ਗਿਰਵੀ ਰੱਖੀਆਂ ਹੋਈਆਂ ਹਨ।