Punjab News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਤੋਂ ਪੰਜਾਬ ਦੇ ਦੋ ਦਿਨਾਂ ਦੌਰੇ 'ਤੇ ਹਨ। ਵੀਰਵਾਰ ਨੂੰ ਲੁਧਿਆਣਾ ਜ਼ਿਲ੍ਹਾ ਅਦਾਲਤ 'ਚ ਹੋਏ ਧਮਾਕੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਕੇਜਰੀਵਾਲ ਨੇ ਇਸ ਨੂੰ ਚੋਣਾਂ ਨਾਲ ਜੋੜਿਆ ਹੈ। ਸੀਐਮ ਕੇਜਰੀਵਾਲ ਨੇ ਕਿਹਾ ਕਿ ਲੁਧਿਆਣਾ 'ਚ ਜੋ ਘਟਨਾ ਵਾਪਰੀ ਹੈ, ਉਹ ਦੁਖਦਾਈ ਹੈ। ਚੋਣਾਂ ਤੋਂ ਪਹਿਲਾਂ ਅਜਿਹੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ?

ਕੇਜਰੀਵਾਲ ਨੇ ਕਿਹਾ ਕਿ ਇਕ ਸਾਜ਼ਿਸ਼ ਤਹਿਤ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਲੁਧਿਆਣਾ ਦੀ ਅਦਾਲਤ 'ਚ ਹੋਏ ਧਮਾਕੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 4 ਲੋਕ ਜ਼ਖ਼ਮੀ ਹੋ ਗਏ। ਕੇਜਰੀਵਾਲ ਨੇ ਕਿਹਾ, "ਕੁਝ ਦਿਨ ਪਹਿਲਾਂ ਹੀ ਬੇਅਦਬੀ ਦੀ ਘਟਨਾ ਵਾਪਰੀ ਸੀ ਤੇ ਕੁਝ ਦਿਨ ਬਾਅਦ ਧਮਾਕਾ ਹੋਇਆ ਸੀ। ਜਨਤਾ ਮਹਿਸੂਸ ਕਰ ਰਹੀ ਹੈ ਕਿ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਤਹਿਤ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।"

'ਪੰਜਾਬ 'ਚ ਕਮਜੋਰ ਸਰਕਾਰ'
ਚਰਨਜੀਤ ਚੰਨੀ ਸਰਕਾਰ 'ਤੇ ਹਮਲਾ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਪੰਜਾਬ 'ਚ ਬਹੁਤ ਕਮਜੋਰ ਸਰਕਾਰ ਹੈ ਜੋ ਆਪਸ 'ਚ ਲੜ ਰਹੀ ਹੈ। ਪੰਜਾਬ 'ਚ ਅਮਨ-ਸ਼ਾਂਤੀ ਬਣਾਈ ਰੱਖਣ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਪੰਜਾਬ 'ਚ ਸਖ਼ਤ ਤੇ ਇਮਾਨਦਾਰ ਸਰਕਾਰ ਦੀ ਲੋੜ ਹੈ। ਉਨ੍ਹਾਂ ਕਿਹਾ, "ਇਹ ਲੋਕ ਆਪਸ 'ਚ ਲੜ ਰਹੇ ਹਨ ਤੇ ਇਨ੍ਹਾਂ ਕੋਲ ਪੰਜਾਬ ਨੂੰ ਸੰਭਾਲਣ ਦਾ ਸਮਾਂ ਨਹੀਂ ਹੈ। ਜਦੋਂ ਤਕ ਮਜ਼ਬੂਤ ਤੇ ਵਚਨਬੱਧ ਸਰਕਾਰ ਨਹੀਂ ਹੁੰਦੀ, ਅਜਿਹੇ ਹਾਦਸੇ ਵਾਪਰਦੇ ਰਹਿਣਗੇ।"

ਕੇਜਰੀਵਾਲ ਨੇ ਕਿਹਾ, "ਇਸ ਦੇ ਪਿੱਛੇ ਕੁਝ ਲੋਕ ਹਨ, ਜੋ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। 2012 'ਚ ਵੀ ਇਸੇ ਤਰ੍ਹਾਂ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਬੇਅਦਬੀ ਦੇ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਕੀਤੀ ਜਾਵੇਗੀ।"

'ਮਜੀਠੀਆ 'ਤੇ ਕੇਸ ਦਰਜ ਕਰਕੇ ਹੋ ਰਹੇ ਖੁਸ਼'
ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕੇਜਰੀਵਾਲ ਨੇ ਕਿਹਾ ਕਿ ਇਸ ਸਰਕਾਰ ਨੇ ਕਿਹਾ ਸੀ ਕਿ ਅਸੀਂ ਇਕ ਮਹੀਨੇ 'ਚ ਨਸ਼ੇ ਖਤਮ ਕਰ ਦੇਵਾਂਗੇ। ਪਰ ਉਨ੍ਹਾਂ ਨੇ ਸਿਰਫ਼ ਅਕਾਲੀ ਦਲ ਦੇ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਜੀਠੀਆ ਖ਼ਿਲਾਫ਼ ਨਸ਼ਿਆਂ ਦੇ ਮਾਮਲੇ 'ਚ ਕੇਸ ਦਰਜ ਕਰਵਾਇਆ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਇਸ ਤਰ੍ਹਾਂ ਨੱਚ ਰਹੇ ਹਨ ਜਿਵੇਂ ਉਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਇਹ ਚੋਣਾਂ ਤੋਂ ਪਹਿਲਾਂ ਸਿਆਸੀ ਸਟੰਟ ਹੈ।


 


 

 


ਇਹ ਵੀ ਪੜ੍ਹੋ :ਪ੍ਰਧਾਨ ਦੀਆਂ ਚੋਣਾਂ 'ਚ ਉਮੀਦਵਾਰ ਨੂੰ ਮਿਲੀ ਸਿਰਫ਼ 1 ਵੋਟ, ਰੋਂਦੇ ਹੋਏ ਕਿਹਾ - 'ਘਰ ਦੇ 12 ਲੋਕਾਂ ਨੇ ਵੀ ਦਿੱਤਾ ਧੋਖਾ'


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490