Arvind Kejriwal in Punjab: ਦਿੱਲੀ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਪੰਜਾਬ ਵਿੱਚ ਆਪਣੀ ਰਾਜਨੀਤਕ ਐਂਟਰੀ ਕਰਨਗੇ। ਭਾਵੇਂ ਕੇਜਰੀਵਾਲ ਨੇ ਪੰਜਾਬ ਲੋਕ ਸਭਾ ਚੋਣਾਂ, ਜ਼ਿਮਨੀ ਚੋਣਾਂ ਤੇ ਨਗਰ ਨਿਗਮ ਚੋਣਾਂ ਵਿੱਚ ਕਈ ਵਾਰ ਪਾਰਟੀ ਲਈ ਪ੍ਰਚਾਰ ਕੀਤਾ ਹੈ, ਪਰ ਦਿੱਲੀ ਵਿੱਚ ਹਾਰ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਉਹ ਪੰਜਾਬ ਵਿੱਚ ਪਾਰਟੀ ਦੇ ਕਿਸੇ ਰਾਜਨੀਤਕ ਸਮਾਗਮ ਵਿੱਚ ਹਿੱਸਾ ਲੈਣਗੇ।
ਹਾਸਲ ਜਾਣਕਾਰੀ ਕੇਜਰੀਵਾਲ 18 ਮਾਰਚ ਨੂੰ ਲੁਧਿਆਣਾ ਆ ਰਹੇ ਹਨ। ਉਹ ਸਿਹਤ ਖੇਤਰ ਦੀਆਂ ਕੁਝ ਸੇਵਾਵਾਂ ਜਨਤਾ ਨੂੰ ਸਮਰਪਿਤ ਕਰਨਗੇ। ਉਹ ਲੁਧਿਆਣਾ ਪੱਛਮੀ ਸੀਟ ਤੋਂ ਆਪਣੇ ਉਮੀਦਵਾਰ ਸੰਜੀਵ ਅਰੋੜਾ ਲਈ ਲੋਕਾਂ ਨੂੰ ਸੰਬੋਧਨ ਕਰਨਗੇ। ਉਂਝ, ਕਿਆਸ ਇਹ ਵੀ ਲਾਏ ਜਾ ਰਹੇ ਹਨ ਕਿ ਕੇਜਰੀਵਾਲ ਪੰਜਾਬ ਵਿੱਚੋਂ ਰਾਜ ਸਭਾ ਜਾਣ ਦੀ ਤਿਆਰੀ ਕਰ ਰਹੇ ਹਨ। ਉਂਝ, ਇਸ ਬਾਰੇ ਪਾਰਟੀ ਨੇ ਅਜੇ ਕੋਈ ਐਲਾਨ ਨਹੀਂ ਕੀਤਾ।
ਉਧਰ, ਕੇਜਰੀਵਾਲ ਦੀਆਂ ਪੰਜਾਬ ਅੰਦਰ ਸਰਗਰਮੀਆਂ ਤੋਂ ਪਹਿਲਾਂ ਹੀ ਵਿਰੋਧੀ ਪਾਰਟੀਆਂ ਹਮਲਾਵਰ ਹੋ ਗਈਆਂ ਹਨ। ਹੁਸ਼ਿਆਪੁਰ ਵਿੱਚ ਵਿਪਾਸਨਾ ਲਈ ਆਏ ਕੇਜਰੀਵਾਲ ਉਪਰ ਹਮਲਾ ਬੋਲਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਵਿਪਾਸਨਾ ਕੇਜਰੀਵਾਲ ਦਾ ਸਿਰਫ਼ ਇੱਕ ਬਹਾਨਾ ਹੈ। ਅਸਲ ਵਿੱਚ ਉਹ ਲੁਧਿਆਣਾ ਪੱਛਮੀ ਸੀਟ 'ਤੇ ਉਪ ਚੋਣ ਦੇ ਬਹਾਨੇ ਸੂਬੇ ਦੀ ਰਾਜਨੀਤੀ ਵਿੱਚ ਪ੍ਰਵੇਸ਼ ਕਰ ਰਹੇ ਹਨ। ਬਾਜਵਾ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਉਨ੍ਹਾਂ ਕੋਲ ਪੰਜਾਬ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੈ।
ਦੱਸ ਦਈਏ ਕਿ ਦਿੱਲੀ ਦੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਲਈ ਪੰਜਾਬ ਬੇਹੱਦ ਅਹਿਮ ਹੋ ਗਿਆ ਹੈ। ਪੰਜਾਬ ਹੀ ਪਾਰਟੀ ਦਾ ਭਵਿੱਖ ਤੈਅ ਕਰੇਗਾ। ਇਸ ਲਈ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਪੰਜਾਬ ਵਿੱਚ ਜੁੱਟ ਗਈ ਹੈ। ਇਸ ਤਹਿਤ ਹੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਾਬਕਾ ਮੰਤਰੀ ਸਤੇਂਦਰ ਚੌਹਾਨ ਤੇ ਕੇਜਰੀਵਾਲ ਦੇ ਹੋਰ ਸਲਾਹਕਾਰਾਂ ਨੇ ਪੰਜਾਬ ਦੇ ਦੌਰੇ ਵਧਾ ਦਿੱਤੇ ਹਨ। ਹਾਲ ਹੀ ਵਿੱਚ ਦਿੱਲੀ ਤੋਂ ਆਏ 'ਆਪ' ਆਗੂ ਸਕੂਲਾਂ, ਸਿਹਤ ਤੇ ਇੱਥੋਂ ਤੱਕ ਕਿ ਰਾਜ ਦੀਆਂ ਕਈ ਨੀਤੀਆਂ ਦੇ ਨਿਰਮਾਣ ਸਬੰਧੀ ਮੀਟਿੰਗ ਦਾ ਹਿੱਸਾ ਬਣੇ।
ਇਸ ਕਰਕੇ ਵਿਰੋਧੀ ਪਾਰਟੀਆਂ ਵੱਲੋਂ 'ਆਪ' ਦਿੱਲੀ ਦੇ ਆਗੂਆਂ ਦੇ ਪੰਜਾਬ ਦੇ ਲਗਾਤਾਰ ਦੌਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਭਾਜਪਾ ਨੇ ਆਪਣੇ ਮਜ਼ਬੂਤ ਦਿੱਲੀ ਕੈਬਨਿਟ ਮੰਤਰੀ ਤੇ ਇੱਕ ਪ੍ਰਮੁੱਖ ਸਿੱਖ ਚਿਹਰੇ ਵਜੋਂ ਜਾਣੇ ਜਾਂਦੇ ਮਨਜਿੰਦਰ ਸਿੰਘ ਸਿਰਸਾ ਦੇ ਪੰਜਾਬ ਦੌਰੇ ਨੂੰ ਵੀ ਵਧਾ ਦਿੱਤਾ ਹੈ। ਬੀਜੇਪੀ ਸਿਰਸਾ ਜ਼ਰੀਏ ਪੰਜਾਬ ਅੰਦਰ ਪਾਰਟੀ ਨੂੰ ਮਜਬੂਤ ਕਰਨਾ ਚਾਹੁੰਦੀ ਹੈ।
ਇਸ ਲਈ ਹੀ ਪਿਛਲੇ ਦਿਨੀਂ ਜਿਵੇਂ ਹੀ ਕੇਜਰੀਵਾਲ ਵਿਪਾਸਨਾ ਲਈ ਪੰਜਾਬ ਆਏ ਤਾਂ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਤੁਰੰਤ ਪੰਜਾਬ ਅੰਦਰ ਐਂਟਰੀ ਮਾਰੀ ਤੇ ਰਾਜਧਾਨੀ ਚੰਡੀਗੜ੍ਹ ਵਿੱਚ ਕੇਜਰੀਵਾਲ ਤੇ 'ਆਪ' 'ਤੇ ਤਿੱਖਾ ਨਿਸ਼ਾਨਾ ਸਾਧਿਆ। ਸਿਰਸਾ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਜਾਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਦੂਜੇ ਪਾਸੇ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਨਿਸ਼ਾਨਿਆਂ ਤੋਂ ਬੇਪ੍ਰਵਾਹ ਹੋ ਕੇ ਆਪਣੇ ਰਣਨੀਤੀ ਮੁਤਾਬਕ ਅੱਗੇ ਵਧ ਰਹੀ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੈ ਕਿ 2027 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣਾ ਉਨ੍ਹਾਂ ਲਈ ਬਹੁਤ ਜ਼ਰੂਰੀ ਹੈ। ਪੰਜਾਬ ਵਿੱਚ ਦੂਜੀ ਵਾਰ ਸਰਕਾਰ ਬਣਾ ਕੇ ਹੀ ਉਹ ਦੁਬਾਰਾ ਦਿੱਲੀ ਫਤਹਿ ਕਰ ਸਕਦੇ ਹਨ। ਇਸ ਸਮੇਂ ਪੰਜਾਬ ਹਰ ਪੱਖੋਂ ਆਮ ਆਦਮੀ ਪਾਰਟੀ ਲਈ ਜੀਵਨ ਰੱਖਿਅਕ ਵਜੋਂ ਕੰਮ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਭਾਜਪਾ ਤੇ ਕਾਂਗਰਸ ਦੇ ਲੀਡਰ ਵੀ ਹੁਣੇ ਹੀ ਐਕਟਿਵ ਹੋ ਗਏ ਹਨ।