Ludhiana News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਅੱਜ ਲੁਧਿਆਣਾ ਵਿਖੇ ਜਵਾਹਰ ਨਗਰ ਵਿਖੇ ਪਹੁੰਚੇ। ਇਥੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਰਾਜ ਸਭਾ ਮੈਂਬਰ ਤੇ ਲੁਧਿਆਣਾ ਵੈਸਟ ਹਲਕੇ ਤੋਂ ਜ਼ਿਮਨੀ ਚੋਣ ਲਈ ਐਲਾਨੇ ਗਏ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿਚ ਰੈਲੀ ਕੀਤੀ, ਉਥੇ ਹੀ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ।
ਇਸ ਮੌਕੇ ਵਿਰੋਧੀ ਧਿਰਾਂ ਵੱਲੋਂ ਅਰਵਿੰਦ ਕੇਜਰੀਵਾਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਜਾ ਰਹੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਜੇ ਕਾਂਗਰਸ ਜਾਂ ਭਾਜਪਾ ਵਾਲਿਆਂ ਨੂੰ ਜਿਤਾ ਦਿੱਤਾ ਤਾਂ ਉਨ੍ਹਾਂ ਦੀ ਚੱਲੇਗੀ ਨਹੀਂ ਕਿਉਂਕਿ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ।
ਇਸ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਅੱਜ ਲੁਧਿਆਣਾ 'ਚ ਅਰਵਿੰਦ ਕੇਜਰੀਵਾਲ ਨੇ ਖੁੱਲ੍ਹੀ ਧਮਕੀ ਦਿੱਤੀ ਹੈ ਕਿ ਜੇ ਕਾਂਗਰਸ ਨੂੰ ਵੋਟ ਪਾਈ ਤਾਂ ਤੁਹਾਡੇ ਕੰਮ ਨਹੀਂ ਹੋਣਗੇ, ਕਿਉਂਕਿ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ ! ਦਿੱਲੀ 'ਚ ਨਕਾਰੇ ਜਾਣ ਤੋਂ ਬਾਅਦ ਵੀ, ਕੇਜਰੀਵਾਲ ਦਾ ਹੰਕਾਰ ਜਿਉਂ ਦੀ ਤਿਉਂ ਬਰਕਰਾਰ ਹੈ! ਜੋ ਵਿਅਕਤੀ ਲੋਕਾਂ ਦੇ ਫੈਸਲੇ ਦੀ ਇੱਜ਼ਤ ਨਹੀਂ ਕਰਦਾ, ਵਿਰੋਧੀ ਧਿਰ ਨੂੰ ਨਕਾਰਦਾ ਹੈ, ਤੇ ਲੋਕਤੰਤਰ ਦੀ ਪਰਵਾਹ ਨਹੀਂ ਕਰਦਾ, ਉਹ 'ਆਮ ਆਦਮੀ' ਨਹੀਂ, ਤਾਨਾਸ਼ਾਹ ਹੈ! ਇਹੀ ਕਾਰਨ ਹੈ ਕਿ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ ਵਿਰੋਧੀ ਧਿਰ ਵਿੱਚ ਵੀ ਬੈਠਣ ਦੀ ਜਗ੍ਹਾ ਨਹੀਂ ਦਿੱਤੀ!
ਇਸ ਤੋਂ ਇਲਾਵਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਸੋਸ਼ਲ ਮੀਡੀਆ ਉੱਤੇ ਲਿਖਿਆ, ਇਹ ਨਕਲੀ ਇਨਕਲਾਬੀ ਅਰਵਿੰਦ ਕੇਜਰੀਵਾਲ ਨੇ ਨਾ ਸਿਰਫ਼ ਆਮ ਆਦਮੀ ਪਾਰਟੀ ਦੀ ਆਪਣੀ ਸ਼ਰਮਨਾਕ ਹਾਰ ਤੋਂ ਕੋਈ ਸਬਕ ਨਹੀਂ ਸਿੱਖਿਆ ਹੈ, ਸਗੋਂ ਆਪਣੀ ਸੀਟ ਵੀ ਗੁਆ ਦਿੱਤੀ ਹੈ, ਫਿਰ ਵੀ ਉਹ ਪਰਗਟ ਸਿੰਘ ਦੇ ਦੱਸੇ ਅਨੁਸਾਰ ਪੰਜਾਬ ਦੇ ਵੋਟਰਾਂ ਨੂੰ ਹੰਕਾਰੀ ਢੰਗ ਨਾਲ ਧਮਕੀਆਂ ਦੇ ਰਿਹਾ ਹੈ।