ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 28 ਜਨਵਰੀ ਤੋਂ ਪੰਜਾਬ ਦੌਰੇ 'ਤੇ ਆ ਰਹੇ ਹਨ। ਉਹ 28 ਤੋਂ 30 ਜਨਵਰੀ ਤੱਕ ਪੰਜਾਬ ਦੌਰਾ ਕਰਨਗੇ। ਇਸ ਦੌਰਾਨ ਕੇਜਰੀਵਾਲ ਕਈ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਨਗੇ। ਕੇਜਰੀਵਾਲ ਜਲੰਧਰ ਤੇ ਅੰਮ੍ਰਿਤਸਰ ਵੀ ਜਾਣਗੇ।
ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਕਈ ਦੌਰੇ ਕਰ ਚੁੱਕੇ ਹਨ। ਉਨ੍ਹਾਂ ਨੇ ਖੁਦ ਹੀ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ। ਕੇਜਰੀਵਾਲ ਦਾ ਦਾਅਵਾ ਹੈ ਕਿ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਹੁਣ ਤੱਕ ਦੇ ਚੋਣ ਸਰਵੇਖਣਾਂ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਬੜ੍ਹਤ ਮਿਲਦੀ ਦਿਖਾਈ ਦੇ ਰਹੀ ਹੈ।
ਰਾਹੁਲ ਗਾਂਧੀ ਵੀ ਪਹੁੰਚ ਰਹੇ ਪੰਜਾਬ
ਉਧਰ ਪੰਜਾਬ ਵਿਧਾਨ ਸਭਾ ਚੋਣਾਂ 'ਚ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਸੰਭਾਲਦੇ ਨਜ਼ਰ ਆਉਣਗੇ। ਰਾਹੁਲ ਗਾਂਧੀ 27 ਜਨਵਰੀ ਨੂੰ ਪੰਜਾਬ ਦਾ ਦੌਰਾ ਕਰਨਗੇ। ਇਸ ਦੌਰਾਨ ਰਾਹੁਲ ਗਾਂਧੀ ਪੰਜਾਬ ਵਿੱਚ ਪਾਰਟੀ ਦੇ ਸਾਰੇ 117 ਉਮੀਦਵਾਰਾਂ ਦੇ ਨਾਲ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਵਿੱਚ ਅਰਦਾਸ ਤੇ ਲੰਗਰ ਛਕਣਗੇ।
ਰਾਹੁਲ ਗਾਂਧੀ ਜਲੰਧਰ ਦੇ ਮਿੱਠਾਪੁਰ ਤੋਂ ਪਾਰਟੀ ਦੀ ਡਿਜੀਟਲ ਰੈਲੀ ਨੂੰ ਸੰਬੋਧਨ ਕਰਨਗੇ। ਕਾਂਗਰਸ ਹੁਣ ਤੱਕ 109 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਤੇ ਜਲਦੀ ਹੀ ਹੋਰ ਨਾਵਾਂ ਦਾ ਐਲਾਨ ਕਰਨ ਦੀ ਉਮੀਦ ਹੈ। ਪਾਰਟੀ ਮੁਤਾਬਕ ਸਾਬਕਾ ਕਾਂਗਰਸ ਪ੍ਰਧਾਨ ਵੀਰਵਾਰ ਸਵੇਰੇ ਦਿੱਲੀ ਤੋਂ ਅੰਮ੍ਰਿਤਸਰ ਪਹੁੰਚਣਗੇ। ਅੰਮ੍ਰਿਤਸਰ ਪੁੱਜਣ ਤੋਂ ਬਾਅਦ ਉਹ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ ਤੇ 117 ਪਾਰਟੀ ਉਮੀਦਵਾਰਾਂ ਦੇ ਨਾਲ ਲੰਗਰ ਵਿੱਚ ਪ੍ਰਸ਼ਾਦਾ ਛਕਣਗੇ।
ਰਾਹੁਲ ਗਾਂਧੀ ਦੁਰਗਿਆਣਾ ਮੰਦਰ ਅਤੇ ਭਗਵਾਨ ਵਾਲਮੀਕਿ ਤੀਰਥ ਸਥਾਨ 'ਤੇ ਵੀ ਮੱਥਾ ਟੇਕਣਗੇ।ਦੁਪਹਿਰ ਬਾਅਦ ਰਾਹੁਲ ਅੰਮ੍ਰਿਤਸਰ ਤੋਂ 100 ਕਿਲੋਮੀਟਰ ਦੂਰ ਜਲੰਧਰ ਪਹੁੰਚਣਗੇ। ਬਾਅਦ ਵਿੱਚ ਸ਼ਾਮ ਨੂੰ ਰਾਹੁਲ ਗਾਂਧੀ ਦਿੱਲੀ ਪਰਤਣ ਤੋਂ ਪਹਿਲਾਂ ਜਲੰਧਰ ਦੇ ਮਿੱਠਾਪੁਰ ਵਿੱਚ ਪੰਜਾਬ ਫਤਿਹ ਡਿਜੀਟਲ ਰੈਲੀ ਨੂੰ ਸੰਬੋਧਨ ਕਰਨਗੇ।