ਸ਼ੰਕਰ ਦਾਸ ਦੀ ਰਿਪੋਰਟ



ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਟੈਕਸ ਕੁਲੈਕਸ਼ਨ ਵਿੱਚ ਵੱਡੀ ਰਾਹਤ ਮਿਲੀ ਹੈ। ਪਿਛਲੇ ਸਾਲ ਪਹਿਲੀ ਤਿਮਾਹੀ 'ਚ ਸਰਕਾਰ ਨੂੰ 15000 ਕਰੋੜ ਦਾ ਟੈਕਸ ਮਿਲਿਆ ਸੀ ਜੋ ਇਸ ਵਾਰ 21000 ਕਰੋੜ ਤੱਕ ਪਹੁੰਚ ਗਿਆ ਹੈ। ਇਸ 'ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਬਿਜਲੀ ਮੁਫ਼ਤ ਕਰਨ ਦਾ ਸਾਰੇ ਸਾਲ ਦਾ ਖਰਚਾ ਨਿਕਲ ਆਇਆ ਹੈ।



ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਪਾਰਟੀਆਂ ਤੇ ਆਗੂ ਪੁੱਛ ਰਹੇ ਸਨ ਕਿ ਪੈਸਾ ਕਿੱਥੋਂ ਆਵੇਗਾ, ਸਰਕਾਰ ਘਾਟੇ ਵਿੱਚ ਜਾਵੇਗੀ। ਜੇਕਰ ਇਮਾਨਦਾਰੀ ਨਾਲ ਕੰਮ ਕਰੀਏ ਤਾਂ ਪੈਸੇ ਦੀ ਕੋਈ ਕਮੀ ਨਹੀਂ ਹੈ। ਸਰਕਾਰਾਂ ਲੋਕਾਂ ਨੂੰ ਸਹੂਲਤਾਂ ਦੇਣ ਨਾਲ ਨਹੀਂ, ਭ੍ਰਿਸ਼ਟਾਚਾਰ ਕਰਕੇ ਘਾਟੇ ਵਿੱਚ ਜਾਂਦੀਆਂ ਹਨ।

ਦੱਸ ਦੇਈਏ ਕਿ ਪੰਜਾਬ 'ਚ 1 ਜੁਲਾਈ ਤੋਂ ਮੁਫ਼ਤ ਬਿਜਲੀ ਦੀ ਯੋਜਨਾ ਲਾਗੂ ਹੋ ਗਈ ਹੈ। ਇਸ ਸਕੀਮ ਤਹਿਤ ਇੱਕ ਜੁਲਾਈ ਤੋਂ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਬਜਟ 'ਚ 300 ਯੂਨਿਟ ਮੁਫ਼ਤ ਬਿਜਲੀ ਲਈ ਵਿਵਸਥਾ ਕੀਤੀ ਗਈ ਹੈ। ਸਰਕਾਰ ਦਾ ਦਾਅਵਾ 73 ਲੱਖ ਘਰੇਲੂ ਖਪਤਕਾਰਾਂ ਨੂੰ ਫਾਇਦਾ ਹੋਵੇਗਾ। ਸ਼ਰਤਾਂ ਨਾਲ ਮੁਫ਼ਤ ਬਿਜਲੀ ਮਿਲੇਗੀ। 2 ਮਹੀਨੇ ਦੇ ਬਿੱਲ ਤੇ 600 ਯੂਨਿਟ ਫ੍ਰੀ ਮਿਲਣਗੇ ਪਰ ਜੇ 600 ਤੋਂ ਇੱਕ ਵੀ ਯੂਨਿਟ ਵੱਧ ਹੁੰਦੀ ਹੈ ਤਾਂ ਪੂਰੇ ਦਾ ਪੂਰਾ ਬਿਜਲੀ ਬਿੱਲ ਭਰਨਾ ਪਵੇਗਾ।

ਉਨ੍ਹਾਂ ਨੇ ਅੱਗੇ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ SC, (O) BC, ਤੇ BPL ਪਰਿਵਾਰਾਂ ਨਾਲ ਸਬੰਧਤ 1 ਕਿਲੋਵਾਟ ਦਾ ਕੁਨੈਕਸ਼ਨ ਹੈ, ਜੇਕਰ ਉਨ੍ਹਾਂ ਦਾ ਬਿੱਲ 600 ਯੂਨਿਟ ਤੋਂ ਵੱਧ ਹੈ ਤਾਂ ਵਾਧੂ ਯੂਨਿਟ ਲਈ ਹੀ ਭੁਗਤਾਨ ਕਰਨਾ ਹੋਵੇਗਾ ਪਰ ਜੇਕਰ ਅਨੁਸੂਚਿਤ ਜਾਤੀ ਦੇ ਕਿਸੇ ਵਿਅਕਤੀ ਕੋਲ 1 ਕਿਲੋਵਾਟ ਤੋਂ ਵੱਧ ਦਾ ਕੁਨੈਕਸ਼ਨ ਹੈ ਤਾਂ ਉਸ ਨੂੰ ਪੂਰਾ ਬਿੱਲ ਅਦਾ ਕਰਨਾ ਹੋਵੇਗਾ। ਇਸ ਤੋਂ ਇਲਾਵਾ ਜੇਕਰ ਦੂਜੀ ਸ਼੍ਰੇਣੀ ਦਾ 1 ਯੂਨਿਟ ਵੀ ਜ਼ਿਆਦਾ ਆਉਂਦਾ ਹੈ ਤਾਂ 601 ਯੂਨਿਟ ਦਾ ਬਿੱਲ ਭਰਨਾ ਪਵੇਗਾ।