ਚੰਡੀਗੜ੍ਹ : ਗੋਆ 'ਚ ਕਾਂਗਰਸ ਦੇ 8 ਵਿਧਾਇਕਾਂ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਾਡੇ ਦੇਸ਼ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਪੰਜਾਬ ਸਰਕਾਰ ਨੂੰ ਤੋੜਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ 'ਤੇ ਵਿਧਾਇਕਾਂ ਨੂੰ ਖਰੀਦਣ -ਫ਼ਰੋਖ਼ਤ ਦੇ ਇਲਜ਼ਾਮ ਲਗਾਏ ਸੀ।  

ਭਾਜਪਾ 'ਤੇ ਆਪ੍ਰੇਸ਼ਨ ਲੋਟਸ ਦਾ ਆਰੋਪ 



ਪੰਜਾਬ 'ਚ ਆਮ ਆਦਮੀ ਪਾਰਟੀ (ਆਪ) ਨੇ ਭਾਜਪਾ 'ਤੇ ਉਨਾਂ ਦੇ ਵਿਧਾਇਕਾਂ ਦੀ ਖਰੀਦ -ਫ਼ਰੋਖ਼ਤ ਕਰਨ ਦਾ ਇਲਜ਼ਾਮ ਲਗਾਇਆ ਸੀ। 'ਆਪ' ਆਗੂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਭਾਜਪਾ ਆਪਰੇਸ਼ਨ ਲੋਟਸ ਤਹਿਤ ਪੰਜਾਬ 'ਚ 'ਆਪ' ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਰਚ ਰਹੀ ਹੈ।


ਆਰੋਪ - 25 ਕਰੋੜ ਰੁਪਏ ਦੀ ਕੀਤੀ ਗਈ ਪੇਸ਼ਕਸ਼  


ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਅਤੇ ਪੰਜਾਬ ਭਾਜਪਾ ਦੇ ਕਈ ਨੇਤਾਵਾਂ ਅਤੇ ਏਜੰਟਾਂ ਨੇ ਪਿਛਲੇ ਸੱਤ ਦਿਨਾਂ ਵਿੱਚ 'ਆਪ' ਦੇ ਕਰੀਬ 10 ਵਿਧਾਇਕਾਂ ਨੂੰ ਫ਼ੋਨ ਕਰਕੇ ਸੰਪਰਕ ਕੀਤਾ ਹੈ। 'ਆਪ' ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਲਈ 25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਫੋਨ ਕਰਨ ਵਾਲੇ ਕਿਸੇ 'ਬਾਬੂ ਜੀ' (ਇੱਕ ਚੋਟੀ ਦੇ ਭਾਜਪਾ ਨੇਤਾ) ਨਾਲ ਵਿਧਾਇਕਾਂ ਦੀ ਮੀਟਿੰਗ ਕਰਵਾਉਣ ਦੀ ਗੱਲ ਕਰ ਰਹੇ ਹਨ ਅਤੇ ਭਾਜਪਾ ਦੀ ਸਰਕਾਰ ਬਣਨ 'ਤੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਉਣ ਦਾ ਲਾਲਚ ਵੀ ਦੇ ਰਹੇ ਹਨ।

'ਆਪ' ਵਿਧਾਇਕਾਂ ਨੂੰ ਤੋੜਨਾ ਭਾਜਪਾ ਦੇ ਬਸ ਦੀ ਗੱਲ ਨਹੀਂ


ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਦਾ ਇਹ ਕੰਮ ਗੋਆ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਸਫਲ ਰਿਹਾ ਹੈ ਕਿਉਂਕਿ ਕਾਂਗਰਸ ਅਤੇ ਹੋਰ ਖੇਤਰੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਤੋੜਨਾ ਆਸਾਨ ਹੈ ਪਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਤੋੜਨਾ ਭਾਜਪਾ ਦੇ ਬਸ ਦੀ ਗੱਲ ਨਹੀਂ ਹੈ।

55 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ 


ਹਰਪਾਲ ਚੀਮਾ ਮੁਤਾਬਕ ਭਾਜਪਾ ਪੰਜਾਬ ਵਿੱਚ ‘ਆਪ’ ਦੇ 55 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ 25 ਕਰੋੜ ਦੇ ਹਿਸਾਬ ਨਾਲ 55 ਵਿਧਾਇਕਾਂ ਨੂੰ ਜੋੜਿਆ ਜਾਵੇ ਤਾਂ 1375 ਕਰੋੜ ਬਣਦੇ ਹਨ। ਜੇਕਰ ਅਸੀਂ ਸਾਰਾ ਪੈਸਾ ਜੋੜੀਏ ਤਾਂ ਭਾਜਪਾ ਨੇ 'ਆਪ' ਸਰਕਾਰ ਨੂੰ ਡੇਗਣ ਲਈ ਲਗਭਗ 2,200 ਕਰੋੜ ਰੁਪਏ ਰੱਖੇ ਹਨ।