Punjab Politics: ਬਟਾਲਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਕਰੀਬ 10 ਦਿਨ ਪਹਿਲਾਂ ਅਸ਼ਵਨੀ ਸੇਖੜੀ ਦਿੱਲੀ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਸੀ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਨੇ ਵੀ ਇਸ ਮਾਮਲੇ ਉੱਤੇ ਸਖ਼ਤ ਟਿੱਪਣੀ ਕੀਤੀ ਸੀ। ਅੱਜ ਮੰਗਲਵਾਰ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਭਾਜਪਾ 'ਚ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਦੇ ਨਾਲ ਹੀ ਸੇਖੜੀ ਦੇ ਭਾਜਪਾ 'ਚ ਸ਼ਾਮਲ ਹੋਣ 'ਤੇ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਪੰਜਾਬ ਕਾਂਗਰਸ ਇਕਾਈ ਨੂੰ ਆੜੇ ਹੱਥੀਂ ਲਿਆ ਹੈ। ਜਾਖੜ ਨੇ ਕਿਹਾ ਕਿ ਕਾਂਗਰਸ ਆਪਣੀ ਵਿਚਾਰਧਾਰਾ ਤੋਂ ਭਟਕ ਚੁੱਕੀ ਹੈ। ਕਾਂਗਰਸ ਆਪਣੇ ਨਿੱਜੀ ਹਿੱਤਾਂ ਲਈ 'ਆਪ' ਅੱਗੇ ਝੁਕ ਗਈ ਹੈ।
ਇਸ ਦੇ ਨਾਲ ਹੀ ਅਸ਼ਵਨੀ ਸੇਖੜੀ ਨੇ ਵੀ ਕਾਂਗਰਸ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਪੰਜਾਬ 'ਚ ਹੁਣ ਸਿਰਫ ਕੁਰਸੀ ਦੀ ਲੜਾਈ ਹੀ ਬਚੀ ਹੈ, ਪੰਜਾਬ ਲਈ ਕੋਈ ਨਹੀਂ ਸੋਚਦਾ। ਪੰਜਾਬ ਕਾਂਗਰਸ ਦੀ ਗੱਲ ਕਰੀਏ ਤਾਂ ਇੱਥੇ ਕਾਬਲੀਅਤ ਕੰਮ ਨਹੀਂ ਕਰਦੀ। ਇੱਥੇ ਸਿਰਫ਼ ਪੈਸਾ ਹੀ ਮਾਇਨੇ ਰੱਖਦਾ ਹੈ। ਕਾਂਗਰਸ ਗੋਡੇ ਟੇਕ ਚੁੱਕੀ ਹੈ।
ਅਸ਼ਵਨੀ ਸੇਖੜੀ ਨੇ ਇਸ ਦੌਰਾਨ ਪੰਜਾਬ ਦੇ ਹਾਲਾਤ 'ਤੇ ਚਿੰਤਾ ਪ੍ਰਗਟਾਈ। ਸੇਖੜੀ ਨੇ ਕਿਹਾ ਕਿ ਪੰਜਾਬ ਦੀ ਇੱਕ ਪੀੜ੍ਹੀ ਅੱਤਵਾਦ ਨੇ, ਦੂਜੀ ਨਸ਼ਿਆਂ ਨੇ ਬਰਬਾਦ ਕੀਤੀ ਅਤੇ ਹੁਣ ਤੀਜੀ ਪੀੜ੍ਹੀ ਵਿਦੇਸ਼ਾਂ ਵਿੱਚ ਭੱਜ ਰਹੀ ਹੈ। ਪਿਛਲੇ ਸਾਲ 1.60 ਲੱਖ ਨੌਜਵਾਨ ਵਿਦੇਸ਼ ਗਏ ਸਨ। ਇਹ ਚਿੰਤਾ ਦਾ ਵਿਸ਼ਾ ਹੈ।
ਸੇਖੜੀ ਨੇ ਕਿਹਾ ਕਿ ਕਿਸੇ ਸਮੇਂ ਪੰਜਾਬ ਨੰਬਰ ਇਕ ਸੂਬਾ ਹੁੰਦਾ ਸੀ, ਹੁਣ 15ਵੇਂ ਨੰਬਰ 'ਤੇ ਆ ਗਿਆ ਹੈ। ਇਸ ਦੌਰਾਨ ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੀਟਿੰਗ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਪੰਜਾਬ ਲਈ ਵਿਸ਼ੇਸ਼ ਪੈਕੇਜ ਬਾਰੇ ਗੱਲ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।