Moga News : ਮੋਗਾ ਸ਼ਹਿਰ ਦੇ ਬੁੱਕਣ ਵਾਲਾ ਰੋਡ 'ਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਲੜਕੀ ਨੇ ਆਪਣੇ ਇੱਕ ਸਾਥੀ ਜੋ ਕਿ ਪੰਜਾਬ ਪੁਲਿਸ ਦਾ ਏ.ਐਸ.ਆਈ ਹੈ, ਨਾਲ ਮਿਲ ਕੇ ਨਿਰੰਜਨ ਸਿੰਘ ਨਾਮਕ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਕਤ ਵਿਅਕਤੀ ਨੇ ਗੁਰਦੁਆਰੇ 'ਚ ਵੜ ਕੇ ਹਮਲਾਵਰਾਂ ਤੋਂ ਆਪਣੀ ਜਾਨ ਬਚਾਈ ਹੈ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਹਮਲਾਵਰ ਗੁਰਦੁਆਰੇ ਅੰਦਰ ਦਾਖਲ ਹੋਏ ਅਤੇ ਕਮਰੇ ਦੇ ਦਰਵਾਜ਼ੇ ਨੂੰ ਲੱਤ ਮਾਰ ਕੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ। ਬਾਅਦ 'ਚ ਲੜਕੀ ਨੇ ਆਪਣੇ ਕੁੱਝ ਹੋਰ ਸਾਥੀਆਂ ਨੂੰ ਬੁਲਾ ਕੇ ਸੜਕ 'ਤੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਅਤੇ ਜ਼ੋਰਦਾਰ ਪਥਰਾਅ ਕੀਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਮਲਾਵਰਾਂ ਦੀ ਕਾਰ ਨੂੰ ਬਰਾਮਦ ਕਰ ਲਿਆ ਅਤੇ ਕੁਝ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਕੁਝ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ।
ਨਿਰੰਜਨ ਸਿੰਘ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਵੀ ਏ.ਐੱਸ.ਆਈ. ਅਤੇ ਉਸ ਦੀ ਇੱਕ ਮਹਿਲਾ ਸਾਥੀ ਸਮੇਤ ਹੋਰ ਲੋਕਾਂ ਨੇ ਮਿਲ ਕੇ ਇਲਾਕੇ ਦੇ ਇੱਕ ਵਿਅਕਤੀ 'ਤੇ ਹਮਲਾ ਕੀਤਾ ਗਿਆ ਸੀ। ਉਸ ਕੇਸ ਵਿੱਚ ਏਐਸਆਈ ਅਤੇ ਉਸ ਦੀ ਮਹਿਲਾ ਸਾਥੀ ਸਮੇਤ ਕਈ ਲੋਕਾਂ ਵਿਰੁੱਧ ਪਰਚਾ ਦਰਜ ਹੋਇਆ ਸੀ। ਓਸੇ ਰੰਜਿਸ਼ ਦੇ ਚੱਲਦਿਆਂ ਅੱਜ ਫਿਰ ਉਸ ਨੇ ਮੇਰੇ 'ਤੇ ਹਮਲਾ ਕਰ ਦਿੱਤਾ। ਅੱਜ ਸਵੇਰੇ ਦੁੱਧ ਦੀ ਡਲਿਵਰੀ ਕਰਨ ਵੇਲੇ ਉਸ 'ਤੇ ਹਮਲਾ ਕਰ ਦਿੱਤਾ ,ਜਿਸ ਵਿੱਚ ਏ.ਐਸ.ਆਈ ਕੁਲਵਿੰਦਰ ਸਿੰਘ ਅਤੇ ਰਾਜਦੀਪ ਨਾਮ ਦੀ ਔਰਤ ਨੇ ਮਿਲ ਕੇ ਹਮਲਾ ਕਰ ਦਿੱਤਾ ਅਤੇ ਮੈਂ ਗੁਰਦੁਆਰਾ ਸਾਹਿਬ ਜਾ ਕੇ ਆਪਣੀ ਜਾਨ ਬਚਾਈ।
ਇਸ ਮਾਮਲੇ ਸਬੰਧੀ ਥਾਣਾ ਸਿਟੀ ਸਾਊਥ ਦੇ ਐਸ.ਐਚ.ਓ ਅਮਨਦੀਪ ਸਿੰਘ ਖੰਬੋਜ ਨੇ ਦੱਸਿਆ ਕਿ ਅੱਜ ਸਵੇਰੇ ਨਿਰੰਜਨ ਸਿੰਘ ਨਾਮਕ ਵਿਅਕਤੀ ,ਜੋ ਮੋਗਾ ਦੇ ਬੁੱਕਣਵਾਲਾ ਰੋਡ ਦਾ ਰਹਿਣ ਵਾਲਾ ਹੈ , ਅੱਜ ਸਵੇਰੇ ਦੁੱਧ ਦੀ ਡਲਿਵਰੀ ਕਰਦੇ ਸਮੇਂ ਏ.ਐਸ.ਆਈ. ਅਤੇ ਉਸਦੀ ਮਹਿਲਾ ਸਾਥੀ ਨੇ ਨਿਰੰਜਨ 'ਤੇ ਹਮਲਾ ਕੀਤਾ ਅਤੇ ਪਥਰਾਅ ਵੀ ਕੀਤਾ ਗਿਆ। ਪੁਲਿਸ ਨੇ ਮੌਕੇ ਤੋਂ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਏ.ਐਸ.ਆਈ ਅਤੇ ਉਸਦੀ ਮਹਿਲਾ ਸਾਥੀ ਸਮੇਤ 3 ਹੋਰ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।