ਚੰਡੀਗੜ੍ਹ: ਜਲੰਧਰ ਦੇ ਪ੍ਰਤਾਪੁਰਾ ਗਿਰਜਾਘਰ ਦੇ ਪਾਦਰੀ ਐਂਥਨੀ ਦੇ ਸਾਢੇ ਛੇ ਕਰੋੜ ਰੁਪਏ ਹੜੱਪ ਕਰਨ ਦੇ ਮਾਮਲੇ ਵਿੱਚ ਦੋ ਥਾਣੇਦਾਰਾਂ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਹੋ ਗਿਆ ਹੈ। ਮੁਹਾਲੀ ਸਥਿਤ ਸਟੇਟ ਕ੍ਰਾਈਮ ਥਾਣਾ ਫੇਜ਼-4 ਵਿੱਚ ਏਐਸਆਈ ਜੋਗਿੰਦਰ ਸਿੰਘ ਅਤੇ ਏਐਸਆਈ ਰਾਜਪ੍ਰੀਤ ਸਿੰਘ ਸਮੇਤ ਮੁਖ਼ਬਰ ਸੁਰਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।

ਇਸੇ ਮਾਮਲੇ ਦੀ ਜਾਂਚ ਕਰ ਲਈ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਦਿਨਕਰ ਗੁਪਤਾ ਨੇ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਵੀ ਬਣਾ ਦਿੱਤੀ ਹੈ ਜਿਸ ਦੇ ਮੁਖੀ ਆਈਜੀ ਪ੍ਰਵੀਨ ਕੁਮਾਰ ਸਿਨ੍ਹਾ ਹੋਣਗੇ। ਸਿਨ੍ਹਾ ਨਾਲ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਤੇ ਏਆਈਜੀ (ਸਟੇਟ ਕ੍ਰਾਈਮ ਸੈੱਲ) ਰਾਕੇਸ਼ ਕੌਸ਼ਲ ਨੂੰ ਤਫ਼ਤੀਸ਼ੀ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਐਸਆਈਟੀ ਮਾਮਲੇ ਵਿੱਚ ਉੱਚ ਅਧਿਕਾਰੀਆਂ ਦੀ ਸ਼ਮੂਲੀਅਤ ਜਾਂਚੇਗੀ।

ਸਟੇਟ ਕਰਾਈਮ ਸੈੱਲ ਦੇ ਏਆਈਜੀ ਤੇ ਐਸਆਈਟੀ ਮੈਂਬਰ ਰਾਕੇਸ਼ ਕੌਸ਼ਲ ਨੇ ਦੱਸਿਆ ਕਿ ਥਾਣੇਦਾਰਾਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਆਈਜੀ ਪ੍ਰਵੀਨ ਕੁਮਾਰ ਸਿਨ੍ਹਾ ਦੀ ਮੁੱਢਲੀ ਜਾਂਚ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਉੱਧਰ, ਨਾਮਜ਼ਦ ਥਾਣੇਦਾਰ ਤੇ ਸਰਕਾਰੀ ਮੁਖ਼ਬਰ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਰੂਪੋਸ਼ ਹੋ ਗਏ ਹਨ ਜਿਨ੍ਹਾਂ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ। ਸੂਤਰਾਂ ਮੁਤਾਬਕ ਡੀਐਸਪੀ ਰੈਂਕ ਦੇ ਅਧਿਕਾਰੀ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਕਤ ਅਧਿਕਾਰੀ ਡਿਊਟੀ ਤੋਂ ਕਥਿਤ ਤੌਰ ’ਤੇ ਗ਼ੈਰ ਹਾਜ਼ਰ ਚੱਲ ਰਹੇ ਸਨ।