ਗੁਰਦਾਸਪੁਰ: ਕਲਯੁਗ ਦੇ ਜ਼ਮਾਨੇ ਵਿਚ ਇਨਸਾਨੀ ਰਿਸ਼ਤੇ ਕਿਵੇ ਤਾਰ ਤਾਰ ਹੋ ਰਹੇ ਹਨ ਇਸਦੀ ਤਾਜ਼ਾ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋ ਬਟਾਲਾ ਪੁਲਿਸ ਵਲੋਂ ਇਕ ਮਰਡਰ ਨੂੰ ਟਰੇਸ ਕੀਤਾ । ਪੁਲਿਸ ਜਾਂਚ 'ਚ ਪਤਾ ਚਲਿਆ ਕਿ ਬੀਤੀ 29 ਮਾਰਚ ਨੂੰ ਜਿਲ੍ਹੇ  ਗੁਰਦਾਸਪੁਰ ਦੇ ਪਿੰਡ ਮੁਲਿਆਵਾਲ ਵਿੱਚ ਸੜਕ ਨਜ਼ਦੀਕ ਤੋਂ ਇਕ ਨੌਜਵਾਨ ਦੀ ਜੋ ਲਾਸ਼ ਬਰਾਮਦ ਹੋਈ ਸੀ ਉਸਦਾ ਕਤਲ ਉਸਦੇ ਆਪਣੇ ਪਿਤਾ ਨੇ ਹੀ ਗੋਲੀ ਮਾਰਕੇ ਕੀਤਾ ਸੀ। 



ਦਰਅਸਲ ਕਾਰ ਚਲਾਉਣ ਨੂੰ ਲੈ ਕੇ ਦੋਹਾਂ ਵਿਚਾਲੇ ਝਗੜਾ ਹੋਇਆ ਸੀ। ਪੁਲਿਸ ਛਾਣਬੀਣ ਵਿੱਚ ਸਾਹਮਣੇ ਆਇਆ ਕਿ ਜਸਬੀਰ ਸਿੰਘ ਜੋ ਅਜਨਾਲਾ ਦੇ ਨਜ਼ਦੀਕੀ ਪਿੰਡ ਛੀਨਾ ਕਰਮ ਸਿੰਘ ਵਾਲਾ ਦਾ ਰਹਿਣ ਵਾਲਾ ਸੀ ਅਤੇ 28 ਮਾਰਚ ਨੂੰ ਆਪਣੇ ਪੁੱਤਰ ਗਗਨਦੀਪ ਸਿੰਘ ਅਤੇ ਆਪਣੇ ਮਾਮਾ ਗੁਰਦਿਆਲ ਸਿੰਘ ਦੇ ਨਾਲ ਆਪਣੀ ਕਾਰ ਵਿਚ ਬੈਠ ਕੇ ਪਠਾਨਕੋਟ ਗੱਡੀ ਖਰੀਦਣ ਲਈ ਗਏ ਸਨ ਪਰ ਗੱਡੀ ਵੇਚਣ ਵਾਲੇ ਨੇ ਗੱਡੀ ਵੇਚਣ ਤੋਂ ਇਨਕਾਰ ਕਰ ਦਿਤਾ ਅਤੇ ਜਦੋਂ ਇਹ ਤਿੰਨੋ ਜਾਣੇ ਵਾਪਿਸ ਆਪਣੇ ਪਿੰਡ ਜਾ ਰਹੇ ਸੀ ਤਾਂ ਰਸਤੇ ਵਿਚ ਜਸਬੀਰ ਸਿੰਘ ਦੀ ਆਪਣੇ ਪੁੱਤਰ ਗਗਨਦੀਪ ਸਿੰਘ ਕਾਰ ਚਲਾਉਣ ਨੂੰ ਲੈਕੇ ਆਪਸੀ ਬਹਿਸਬਾਜ਼ੀ ਸ਼ੁਰੂ ਹੋ ਗਈ ਅਤੇ ਇਹ ਬਹਿਸਬਾਜ਼ੀ ਇੰਨੀ ਵੱਧ ਗਈ ਕਿ ਪਿੰਡ ਮੁਲਿਆਵਾਲ ਜ਼ਿਲਾ ਗੁਰਦਾਸਪੁਰ ਦੇ ਨਜ਼ਦੀਕ ਕਾਰ ਰੋਕ ਕੇ ਦੋਵੇ ਜਣੇ ਆਪਸ ਵਿਚ ਝਗੜਨ ਲਗ ਪਏ । 



ਇਸੇ ਦੌਰਾਨ ਜਸਬੀਰ ਸਿੰਘ ਨੇ ਗੁੱਸੇ 'ਚ ਆ ਕੇ ਆਪਣੇ ਪੁੱਤਰ ਗਗਨਦੀਪ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਅਤੇ ਉਸਦੀ ਲਾਸ਼ ਸੜਕ ਦੇ ਕੋਲ ਸੁੱਟ ਕੇ ਆਪਣੇ ਮਾਮੇ ਗੁਰਦਿਆਲ ਸਿੰਘ ਨਾਲ ਕਾਰ ਰਾਹੀਂ ਆਪਣੇ ਪਿੰਡ ਵਾਪਸ ਚਲੇ ਗਿਆ ਅਤੇ 30 ਮਾਰਚ ਨੂੰ ਆਪਣੇ ਪਿੰਡ ਘਰ ਵਿੱਚ ਹੀ ਜਸਬੀਰ ਸਿੰਘ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ । ਛਾਣਬੀਣ ਤੋਂ ਬਾਅਦ ਬਟਾਲਾ ਪੁਲਿਸ ਨੇ ਮਾਮਾ ਗੁਰਦਿਆਲ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।