Asian Championship Winning Hockey Team: ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2023 ਦਾ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਪੰਜਾਬ ਪਹੁੰਚ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਟੀਮ ਦੇ ਸਾਰੇ ਮੈਂਬਰਾਂ ਨੂੰ ਮਿਲਣਗੇ ਤੇ ਉਨ੍ਹਾਂ ਨੂੰ ਵਧਾਈ ਦੇਣਗੇ। ਉਹ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਹਾਜ਼ਰੀ ਵਿੱਚ ਹਾਕੀ ਟੀਮ ਨਾਲ ਮੁਲਾਕਾਤ ਕਰਨਗੇ।


ਮੁੱਖ ਮੰਤਰੀ ਮਾਨ ਅੱਜ ਦੁਪਹਿਰ 12 ਵਜੇ ਪੰਜਾਬ ਭਵਨ ਵਿਖੇ ਹਾਕੀ ਟੀਮ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਜੇਤੂ ਟੀਮ ਦੇ ਸਾਰੇ ਖਿਡਾਰੀ ਹਾਜ਼ਰ ਰਹਿਣਗੇ। ਹਾਕੀ ਟੀਮ ਦਾ ਸਵਾਗਤ ਕਰਨ ਲਈ ਪੰਜਾਬ ਦੇ ਹੋਰ ਮੰਤਰੀ ਤੇ ਅਧਿਕਾਰੀ ਵੀ ਮੌਜੂਦ ਰਹਿਣਗੇ। 


ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੈਚ 'ਚ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਭਾਰਤੀ ਟੀਮ ਇਸ ਟੂਰਨਾਮੈਂਟ ਵਿੱਚ ਚੌਥੀ ਵਾਰ ਜੇਤੂ ਰਹੀ ਹੈ। ਇਸ ਦੇ ਨਾਲ ਹੀ ਭਾਰਤ ਇਸ ਟੂਰਨਾਮੈਂਟ ਵਿੱਚ ਸਭ ਤੋਂ ਸਫਲ ਦੇਸ਼ ਬਣ ਗਿਆ ਹੈ।


ਚੇਨਈ ਦੇ ਰਾਧਾਕ੍ਰਿਸ਼ਨਨ ਸਟੇਡੀਅਮ 'ਚ ਆਪਣਾ 5ਵਾਂ ਫਾਈਨਲ ਖੇਡ ਰਹੀ ਟੀਮ ਇੰਡੀਆ ਸਕੋਰ ਲਾਈਨ 3-1 ਨਾਲ ਹਾਫ ਟਾਈਮ ਤੱਕ 2 ਗੋਲਾਂ ਨਾਲ ਪਿੱਛੇ ਸੀ ਪਰ ਮੈਚ ਦੇ ਆਖਰੀ ਦੋ ਕੁਆਰਟਰਾਂ ਵਿੱਚ ਭਾਰਤੀ ਖਿਡਾਰੀਆਂ ਨੇ ਤਿੰਨ ਗੋਲ ਕਰਕੇ ਜਿੱਤ ਹਾਸਲ ਕਰ ਲਈ। 


ਭਾਰਤ ਲਈ ਜੁਗਰਾਜ ਸਿੰਘ ਨੇ 9ਵੇਂ ਮਿੰਟ ਵਿੱਚ, ਕਪਤਾਨ ਹਰਮਨਪ੍ਰੀਤ ਸਿੰਘ ਨੇ 45ਵੇਂ ਮਿੰਟ ਵਿੱਚ, ਗੁਰਜੰਟ ਸਿੰਘ ਨੇ 45ਵੇਂ ਮਿੰਟ ਵਿੱਚ ਤੇ ਅਕਾਸ਼ਦੀਪ ਸਿੰਘ ਨੇ 56ਵੇਂ ਮਿੰਟ ਵਿੱਚ ਗੋਲ ਕੀਤੇ। ਜਦਕਿ ਮਲੇਸ਼ੀਆ ਦੀ ਟੀਮ ਲਈ ਅਜ਼ਰਾਈ ਅਬੂ ਕਮਾਲ ਨੇ 14ਵੇਂ ਮਿੰਟ, ਰਹੀਮ ਰਾਜ਼ੀ ਨੇ 18ਵੇਂ ਮਿੰਟ ਤੇ ਮੁਹੰਮਦ ਅਮੀਨੁਦੀਨ ਨੇ 28ਵੇਂ ਮਿੰਟ ਵਿੱਚ ਗੋਲ ਕੀਤੇ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।