Assembly Elections 2022 : ਚੋਣ ਕਮਿਸ਼ਨ ਨੇ ਪੰਜ ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਪ੍ਰਚਾਰ ਲਈ ਵੀਡੀਓ ਵੈਨ ਦੀ ਵਰਤੋਂ ਦੀ ਇਜਾਜ਼ਤ ਦੇਣ ਦੇ ਨਾਲ ਹੀ ਇਸ ਨਾਲ ਜੁੜੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਵੀਡੀਓ ਵੈਨ ਦੇ ਕਿਸੇ ਵੀ ਸਥਾਨ ’ਤੇ 30 ਮਿੰਟ ਤੋਂ ਜ਼ਿਆਦਾ ਸਮੇਂ ਤਕ ਰੁਕਣ ’ਤੇ ਪਾਬੰਦੀ ਲਾਈ ਗਈ ਹੈ।
ਕੋਰੋਨਾ ਇਨਫੈਕਸ਼ਨ ਦਾ ਪ੍ਰਸਾਰ ਰੋਕਣ ਲਈ ਚੋਣ ਕਮਿਸ਼ਨ ਨੇ ਰੈਲੀਆਂ ’ਤੇ ਲੱਗੀ ਪਾਬੰਦੀ 31 ਜਨਵਰੀ ਤਕ ਵਧਾ ਦਿੱਤੀ ਸੀ। ਹਾਲਾਂਕਿ ਕਮਿਸ਼ਨ ਨੇ ਸ਼ਨਿਚਰਵਾਰ ਨੂੰ ਖੁੱਲ੍ਹੀਆਂ ਥਾਵਾਂ ’ਤੇ ਕੋਰੋਨਾ ਪ੍ਰੋਟੋਕਾਲ ਦੇ ਪਾਲਣ ਦੇ ਨਾਲ ਵੱਧ ਤੋਂ ਵੱਧ 500 ਦਰਸ਼ਕਾਂ ਦੀ ਹਾਜ਼ਰੀ ’ਚ ਵੀਡੀਓ ਵੈਨ ਰਾਹੀਂ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਸੀ। ਕਮਿਸ਼ਨ ਨੇ ਚੌਕਸ ਕੀਤਾ ਸੀ ਕਿ ਵੀਡੀਓ ਵੈਨ ਤੋਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਤੇ ਆਮ ਆਵਾਜਾਈ ’ਚ ਇਸ ਨਾਲ ਕੋਈ ਰੁਕਾਵਟ ਨਹੀਂ ਪੈਦਾ ਹੋਣੀ ਚਾਹੀਦੀ ਹੈ।
ਕਮਿਸ਼ਨ ਨੇ ਸਾਰੇ ਮੁੱਖ ਚੋਣ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਪਾਰਟੀਆਂ ਵੱਲੋਂ ਵੀਡੀਓ ਵੈਨ ਦੇ ਇਸਤੇਮਾਲ ਨਾਲ ਜੁੜੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਸਨ। ਪੱਤਰ ’ਚ ਕਿਹਾ ਗਿਆ ਹੈ ਕਿ ਸਿਆਸੀ ਪਾਰਟੀਆਂ ਵੱਲੋਂ ਵੀਡੀਓ ਵੈਨ ਦਾ ਇਸਤੇਮਾਲ ਉਨ੍ਹਾਂ ਦੀਆਂ ਯੋਜਨਾਵਾਂ ਤੇ ਐਲਾਨਾਂ ਦੇ ਪ੍ਰਚਾਰ ਲਈ ਕੀਤਾ ਜਾ ਸਕਦਾ ਹੈ। ਇਨ੍ਹਾਂ ਰਾਹੀਂ ਕਿਸੇ ਉਮੀਦਵਾਰ ਵਿਸ਼ੇਸ਼ ਲਈ ਵੋਟ ਜਾਂ ਸਮਰਥਨ ਨਹੀਂ ਮੰਗਿਆ ਜਾ ਸਕੇਗਾ।
ਪੱਤਰ ’ਚ ਕਿਹਾ ਗਿਆ ਹੈ ਕਿ ਜੇਕਰ ਵੀਡੀਓ ਵੈਨ ਦਾ ਇਸਤੇਮਾਲ ਕਿਸੇ ਉਮੀਦਵਾਰ ਦੇ ਪ੍ਰਚਾਰ ਲਈ ਕੀਤਾ ਜਾਂਦਾ ਹੈ ਤਾਂ ਉਸ ਦਾ ਖ਼ਰਚ ਸਬੰਧਤ ਉਮੀਦਵਾਰ ਦੇ ਖਾਤੇ ਵਿਚ ਦਰਜ ਕੀਤਾ ਜਾਵੇਗਾ। ਚੋਣ ਆਬਜ਼ਰਵਰਾਂ ਨੂੰ ਅਜਿਹੇ ਖ਼ਰਚਿਆਂ ’ਤੇ ਕਰੀਬੀ ਨਜ਼ਰ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin