ਚੰਡੀਗੜ੍ਹ: ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ਵਿਧਾਨ ਸਭਾ ਚੋਣਾਂ ਦੇ ਨਤੀਜੇ ਬੇਸ਼ੱਕ ਕਾਂਗਰਸ ਪੱਖੀ ਹਨ, ਪਰ ਪੰਜਾਬ ਦੇ ਮੰਤਰੀ ਇਸ ਤੋਂ ਵੀ ਖ਼ੁਸ਼ ਨਹੀਂ ਹਨ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਨਤੀਜੇ ਦੇਖ ਕੇ ਰਾਹੁਲ ਗਾਂਧੀ ਨੂੰ ਨਸੀਹਤ ਦਿੱਤੀ ਹੈ ਤੇ ਕਿਹਾ ਹੈ ਕਿ ਇਹ ਨਤੀਜੇ ਉਨ੍ਹਾਂ ਦੀ ਆਸ ਤੋਂ ਘੱਟ ਹਨ।
'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਨੂੰ ਕਲੀਨ ਸਵੀਪ ਦੀ ਆਸ ਸੀ, ਉਵੇਂ ਨਤੀਜੇ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਨੂੰ ਲੋਕ ਸਭਾ ਚੋਣਾਂ ਲਈ ਹੋਰ ਜ਼ੋਰ ਲਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਪਾਰਟੀ ਦੇ ਚੰਗੇ ਪ੍ਰਦਰਸ਼ਨ ਦਾ ਸਿਹਰਾ ਪੰਜਾਬੀਆਂ ਨੂੰ ਦਿੰਦਿਆਂ ਕਿਹਾ ਕਿ ਪੰਜਾਬ ਕਾਂਗਰਸ ਨੇ ਰਾਜਸਥਾਨ ਵਿੱਚ ਸਿਆਸੀ ਰੈਲੀਆਂ ਕੀਤੀਆਂ ਸਨ ਜਿਸ ਦੇ ਨਤੀਜੇ ਵਜੋਂ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਹੀ ਬਣੇਗੀ।
ਰੰਧਾਵਾ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ 'ਤੇ ਜ਼ਿੰਮੇਵਾਰੀ ਹੁਣ ਹੋਰ ਵੀ ਵੱਧ ਚੁੱਕੀ ਹੈ। ਹਾਲਾਂਕਿ, ਮੰਤਰੀ ਨੇ ਆਸ ਜਤਾਈ ਕਿ ਲੋਕ ਸਭਾ ਚੋਣਾਂ ਦੌਰਾਨ ਪੂਰੇ ਭਾਰਤ ਵਿੱਚ ਕਾਂਗਰਸ ਪੱਖੀ ਮਾਹੌਲ ਬਣੇਗਾ। ਰੰਧਾਵਾ ਨੇ ਮੋਦੀ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਆਰਬੀਆਈ ਦੇ ਗਵਰਨਰ ਉਰਜਿਤ ਪਟੇਲ ਦਾ ਅਹੁਦਾ ਛੱਡਣਾ ਮੋਦੀ ਸਰਕਾਰ ਦਾ ਪਰਦਾਫਾਸ਼ ਕਰਦਾ ਹੈ।
ਉਨ੍ਹਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਮਹਾਂਗਠਬੰਧਨ ਵਿੱਚ ਸ਼ਾਮਲ ਹੋਣ 'ਤੇ ਪੰਜਾਬ ਵਿੱਚ ਕੋਈ ਅਸਰ ਨਾ ਹੋਣ ਦਾ ਦਾਅਵਾ ਕੀਤਾ। ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਤੇ 'ਆਪ' ਦਾ ਗਠਜੋੜ ਕਿਸੇ ਵੀ ਹਲਾਤ ਵਿੱਚ ਸੰਭਵ ਨਹੀਂ ਹੈ। ਰੰਧਾਵਾ ਨੇ ਕਿਹਾ ਇਹ ਗਠਜੋੜ ਹਰ ਸੂਬੇ ਮੁਤਾਬਕ ਚੱਲੇਗਾ ਅਤੇ ਪਹਿਲਾਂ ਵੀ ਕਾਂਗਰਸ ਸਟੇਟ ਟੂ ਸਟੇਟ ਅਲਾਇੰਸ ਕਰਦੀ ਰਹੀ ਹੈ।