ਸੰਗਰੂਰ: ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ 'ਚ ਜਿੱਥੇ ਨੌਜਵਾਨ ਲੜਕੇ-ਲੜਕੀਆਂ ਇੱਕ ਪਾਸੇ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਹੀ ਲੁਧਿਆਣਾ-ਦਿੱਲੀ ਨੈਸ਼ਨਲ ਹਾਈਵੇਅ 'ਤੇ ਜਾਮ ਲਾ ਕੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਨਾਕਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਨੇ ਸਾਨੂੰ ਆਪਣੀ ਕਾਰ 'ਚ ਬਿਠਾ ਕੇ ਕਿਹਾ ਸੀ ਕਿ ਮੈਨੂੰ ਇੱਕ ਵਾਰ ਮੁੱਖ ਮੰਤਰੀ ਬਣਾ ਦਿਓ, ਪਹਿਲ ਦੇ ਆਧਾਰ 'ਤੇ ਤੁਹਾਨੂੰ ਨੌਕਰੀ ਦਿੱਤੀ ਜਾਵੇਗੀ। ਹੁਣ ਉਹ ਸਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ। ਦੱਸ ਦਈਏ ਕਿ ਪੰਜਾਬ ਪੁਲਿਸ ਵਿੱਚ ਸਾਲ 2016 ਦੀ ਅਧੂਰੀ ਪਈ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਕੇ ਨਿਯੁਕਤੀ ਪੱਤਰ ਦੇਣ ਦੀ ਮੰਗ ਲਈ ਸੰਘਰਸ਼ ਕਰ ਰਹੇ ਅੱਠ ਉਮੀਦਵਾਰ ਮੰਗਲਵਾਰ ਨੂੰ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਏ ਜਿਨ੍ਹਾਂ ’ਚ ਤਿੰਨ ਲੜਕੀਆਂ ਵੀ ਸ਼ਾਮਲ ਹਨ। ਇਸ ਤੋਂ ਬਾਅਦ ਬਾਕੀ ਉਮੀਦਵਾਰਾਂ ਵੱਲੋਂ ਦਿੱਲੀ-ਲੁਧਿਆਣਾ ਹਾਈਵੇਅ ਉਪਰ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਟੈਂਕੀ ਦੇ ਉਪਰ ਤੇ ਹੇਠਾਂ ਪ੍ਰਦਰਸ਼ਨ ਕਰ ਰਹੇ ਪੁਲਿਸ ਭਰਤੀ ਦੇ ਉਮੀਦਵਾਰ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਨਾ ਮਿਲਣ ਤੋਂ ਖਫ਼ਾ ਹਨ। ਟੈਂਕੀ ’ਤੇ ਚੜ੍ਹ ਕੇ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਸੁਖਵਿੰਦਰ ਸਿੰਘ, ਮਹਾਂਵੀਰ ਸਿੰਘ, ਜਗਜੀਤ ਸਿੰਘ ਵਾਸੀ ਜ਼ਿਲ੍ਹਾ ਫਰੀਦਕੋਟ, ਹੈਪੀ ਸਿੰਘ ਅੰਮ੍ਰਿਤਸਰ, ਜਗਦੀਪ ਸਿੰਘ ਬਟਾਲਾ, ਤਿੰਨ ਲੜਕੀਆਂ ਬਿਮਲਾ ਫਾਜ਼ਿਲਕਾ, ਮਨਪ੍ਰੀਤ ਕੌਰ ਗੁਰਦਾਸਪੁਰ ਤੇ ਕ੍ਰਿਸ਼ਨਾ ਵਾਸੀ ਮਾਨਸਾ ਸ਼ਾਮਲ ਸਨ। ਇਨ੍ਹਾਂ ਉਮੀਦਵਾਰਾਂ ਦੀ ਪੰਜਾਬ ਪੁਲਿਸ ਦੀ ਭਰਤੀ ਦੀ ਵੇਟਿੰਗ ਲਿਸਟ ਤੋਂ ਬਾਅਦ ਵੈਰੀਫਿਕੇਸ਼ਨ ਵੀ ਕਲੀਅਰ ਹੋ ਗਈ ਸੀ ਪਰ ਉਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲੇ। ਦੱਸਣਾ ਬਣਦਾ ਹੈ ਕਿ ਵੱਡੀ ਗਿਣਤੀ ਨੌਜਵਾਨ ਕਰੀਬ ਹਫ਼ਤਾ ਪਹਿਲਾਂ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਪੁੱਜੇ ਸਨ ਤੇ ਮੰਗ ਪੱਤਰ ਸੌਂਪਿਆ ਸੀ। ਸੰਘਰਸ਼ ਦੀ ਅਗਵਾਈ ਕਰ ਰਹੇ ਜਗਦੀਪ ਸਿੰਘ, ਗੁਰਵਿੰਦਰ ਸਿੰਘ, ਹਰਜਿੰਦਰ ਸਿੰਘ, ਬਲਰਾਜ ਸਿੰਘ, ਵਿਕਰਮਜੀਤ ਸਿੰਘ ਆਦਿ ਨੇ ਦੱਸਿਆ ਕਿ 22 ਮਾਰਚ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਮੰਗ ਪੱਤਰ ਦੇਣ ਮੌਕੇ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਲਈ 28 ਮਾਰਚ ਦਾ ਸਮਾਂ ਦਿੱਤਾ ਗਿਆ ਸੀ। ਉਹ ਮੀਟਿੰਗ ਲਈ ਚੰਡੀਗੜ੍ਹ ਪੁੱਜੇ ਪਰ ਮੁੱਖ ਮੰਤਰੀ ਨੇ ਮੀਟਿੰਗ ਨਹੀਂ ਕੀਤੀ ਜਿਸ ਕਾਰਨ ਉਹ ਖੱਜਲ ਖੁਆਰ ਹੋ ਕੇ ਵਾਪਸ ਪਰਤ ਗਏ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ 31 ਮਈ 2016 ਨੂੰ ਪੰਜਾਬ ਪੁਲਿਸ ਵਿੱਚ 7416 ਸਿਪਾਹੀਆਂ ਦੀ ਭਰਤੀ ਕੱਢੀ ਗਈ ਸੀ ਜਿਸ ਦਾ ਨਤੀਜਾ 26 ਅਕਤੂਬਰ 2016 ਨੂੰ ਐਲਾਨਿਆ ਗਿਆ ਸੀ। ਕਈ ਉਮੀਦਵਾਰਾਂ ਨੂੰ ਵੇਟਿੰਗ ਲਿਸਟ ਵਿਚ ਰੱਖਿਆ ਗਿਆ। ਸਾਲ 2017 ਵਿਚ ਉਮੀਦਵਾਰਾਂ ਨੂੰ ਵੈਰੀਫਿਕੇਸ਼ਨ ਲਈ ਬੁਲਾਇਆ ਗਿਆ ਪਰ ਵੈਰੀਫਿਕੇਸ਼ਨ ਹੋਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕਰੀਬ 550 ਉਮੀਦਵਾਰ ਹਨ ਜੋ ਭਰਤੀ ਪ੍ਰਕਿਰਿਆ ਪੂਰੀ ਹੋਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਪੁਲਿਸ ਵਿਚ 10 ਹਜ਼ਾਰ ਭਰਤੀ ਕਰਨ ਤੋਂ ਪਹਿਲਾਂ ਸਾਲ 2016 ਦੀ ਭਰਤੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇ।