ਦਿਹਾਤੀ ਪੁਲਿਸ ਨੇ 114 ਸਾਲਾ ਪ੍ਰਸਿੱਧ ਦੌੜਾਕ ਫੌਜਾ ਸਿੰਘ ਨਾਲ ਜੁੜੇ ਹਿਟ ਐਂਡ ਰਨ ਮਾਮਲੇ ਨੂੰ ਸਿਰਫ਼ 30 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ। ਮੰਗਲਵਾਰ ਦੇਰ ਰਾਤ ਪੁਲਿਸ ਨੇ ਇਸ ਮਾਮਲੇ 'ਚ 30 ਸਾਲਾ NRI ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਘਟਨਾ ਵਿੱਚ ਵਰਤੀ ਗਈ ਫਾਰਚਿਊਨਰ ਗੱਡੀ ਵੀ ਬਰਾਮਦ ਕਰ ਲਈ ਹੈ।
ਇਸ ਦੇ ਨਾਲ ਹੀ ਵਾਰਦਾਤ ਵਿੱਚ ਵਰਤੀ ਗਈ ਫਾਰਚਿਊਨਰ ਗੱਡੀ (PB 20 C 7100) ਨੂੰ ਜ਼ਬਤ ਕਰ ਲਿਆ ਗਿਆ ਹੈ, ਹਾਲਾਂਕਿ ਇਸ ਬਾਰੇ ਦਿਹਾਤ ਪੁਲਿਸ ਵੱਲੋਂ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ। ਆਰੋਪੀ ਨੂੰ ਦੇਰ ਰਾਤ ਥਾਣਾ ਭੋਗਪੁਰ ਲਿਆਇਆ ਗਿਆ, ਜਿੱਥੇ ਉਸ ਨਾਲ ਗੰਭੀਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲੰਧਰ ਦੇ ਕਰਤਾਰਪੁਰ ਨੇੜੇ ਪੈਂਦੇ ਪਿੰਡ ਦਾਸੂਪੁਰ ਵਾਸੀ ਅੰਮ੍ਰਿਤਪਾਲ ਸਿੰਘ ਢਿੱਲੋਂ ਪੁੱਤਰ ਸੁਖਵੰਤ ਸਿੰਘ ਨੂੰ ਅੱਜ ਪੁਲਿਸ ਕੋਰਟ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈਵੇਗੀ।
ਕਪੂਰਥਲਾ ਦੇ ਵਿਅਕਤੀ ਦੇ ਨਾਂ ਸੀ ਗੱਡੀ, ਜਿਸਨੇ ਦੋ ਸਾਲ ਪਹਿਲਾਂ NRI ਨੂੰ ਵੇਚੀ ਸੀ
SSP ਹਰਵਿੰਦਰ ਸਿੰਘ ਵਿਰਕ ਵੱਲੋਂ ਬਣਾਈ ਗਈ ਟੀਮ ਨੇ ਕੁਝ ਗੱਡੀਆਂ ਦੀ ਸੂਚੀ ਤਿਆਰ ਕੀਤੀ ਸੀ। ਇਨ੍ਹਾਂ ਵਿੱਚੋਂ ਇੱਕ ਫਾਰਚਿਊਨਰ ਗੱਡੀ ਦੀ ਪਛਾਣ ਮੰਗਲਵਾਰ ਦੇਰ ਸ਼ਾਮ ਕਰ ਲਈ ਗਈ। ਸ਼ਾਮ ਤੱਕ ਪੁਲਿਸ ਨੂੰ ਸ਼ੱਕੀ ਫਾਰਚਿਊਨਰ ਦਾ ਨੰਬਰ ਵੀ ਸਾਫ਼ ਹੋ ਗਿਆ। ਨੰਬਰ ਰਾਹੀਂ ਪਤਾ ਲੱਗਾ ਕਿ ਇਹ ਗੱਡੀ ਕਪੂਰਥਲਾ ਦੇ ਪਿੰਡ ਅਠੌਲੀ ਵਾਸੀ ਵਰਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਦੇ ਨਾਂ 'ਤੇ ਰਜਿਸਟਰ ਸੀ।
ਇਸ ਤੋਂ ਬਾਅਦ ਜਲੰਧਰ ਪੁਲਿਸ ਦੀਆਂ ਟੀਮਾਂ ਕਪੂਰਥਲਾ ਵੱਲ ਰਵਾਨਾ ਹੋਈਆਂ ਅਤੇ ਵਰਿੰਦਰ ਸਿੰਘ ਤੱਕ ਪਹੁੰਚ ਕੀਤੀ। ਵਰਿੰਦਰ ਸਿੰਘ ਨਾਲ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਕੈਨੇਡਾ ਤੋਂ ਆਏ ਇਕ NRI ਅੰਮ੍ਰਿਤਪਾਲ ਸਿੰਘ ਢਿੱਲੋਂ ਨੇ ਉਸ ਦੀ ਕਾਰ ਖਰੀਦੀ ਸੀ। ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਅੰਮ੍ਰਿਤਪਾਲ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ, ਉਸ ਦੀਆਂ ਤਿੰਨ ਭੈਣਾਂ ਹਨ ਅਤੇ ਉਸ ਦੀ ਮਾਂ ਕੈਨੇਡਾ ਵਿੱਚ ਰਹਿੰਦੀ ਹੈ।
ਅੰਮ੍ਰਿਤਪਾਲ ਖੁਦ ਵੀ ਕੇਵਲ ਅੱਠ ਦਿਨ ਪਹਿਲਾਂ ਕੈਨੇਡਾ ਤੋਂ ਵਾਪਸ ਆਇਆ ਸੀ। ਪਿਛਲੀ ਰਾਤ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀ ਫਾਰਚਿਊਨਰ ਗੱਡੀ ਵੀ ਬਰਾਮਦ ਕਰ ਲਈ। ਹਾਦਸੇ ਤੋਂ ਤੁਰੰਤ ਬਾਅਦ ਅੰਮ੍ਰਿਤਪਾਲ ਸਿੱਧਾ ਕਰਤਾਰਪੁਰ ਨੇੜੇ ਆਪਣੇ ਪਿੰਡ ਚਲਾ ਗਿਆ; ਉਹ ਜਲੰਧਰ ਨਹੀਂ ਗਿਆ, ਸੱਗੋਂ ਰਸਤੇ ਵਿੱਚ ਵੱਖ–ਵੱਖ ਪਿੰਡਾਂ ਰਾਹੀਂ ਕਰਤਾਰਪੁਰ ਪਹੁੰਚਿਆ।
ਸ਼ੁਰੂਆਤੀ ਪੁੱਛਗਿੱਛ ਦੌਰਾਨ ਅੰਮ੍ਰਿਤਪਾਲ ਨੇ ਦੋਸ਼ ਕਬੂਲ ਕਰ ਲਿਆ ਹੈ। ਉਸ ਨੇ ਦੱਸਿਆ ਕਿ ਉਹ ਮੁਕੇਰੀਆ ਵੱਲੋਂ ਆਪਣਾ ਫ਼ੋਨ ਵੇਚ ਕੇ ਵਾਪਸ ਆ ਰਿਹਾ ਸੀ। ਜਦੋਂ ਉਹ ਬਿਆਸ ਪਿੰਡ ਦੇ ਨੇੜੇ ਪਹੁੰਚਿਆ ਤਾਂ ਇੱਕ ਬਜ਼ੁਰਗ ਉਸ ਦੀ ਗੱਡੀ ਦੀ ਲਪੇਟ ਵਿੱਚ ਆ ਗਿਆ। ਉਸ ਵੇਲੇ ਉਸ ਨੂੰ ਪਤਾ ਨਹੀਂ ਸੀ ਕਿ ਉਹ ਬਜ਼ੁਰਗ ਮਸ਼ਹੂਰ ਐਥਲੀਟ ਫੌਜਾ ਸਿੰਘ ਹਨ। ਰਾਤ ਦੇਰ ਹੋਣ ‘ਤੇ ਜਦੋਂ ਖ਼ਬਰਾਂ ਆਉਣੀਆਂ ਸ਼ੁਰੂਆਂ ਹੋਈਆਂ ਤਾਂ ਉਸ ਨੂੰ ਫੌਜਾ ਸਿੰਘ ਦੇ ਦਿਹਾਂਤ ਬਾਰੇ ਪਤਾ ਲੱਗਿਆ।
ਸੋਮਵਾਰ ਨੂੰ ਇੱਕ ਫਾਰਚਿਊਨਰ ਗੱਡੀ ਨੇ ਫੌਜਾ ਸਿੰਘ ਨੂੰ ਟੱਕਰ ਮਾਰ ਦਿੱਤੀ ਸੀ। ਆਪਣੇ ਅਦਭੁਤ ਮੈਰਾਥਨ ਰਿਕਾਰਡਾਂ ਲਈ ਦੁਨੀਆ ਭਰ 'ਚ ਮਸ਼ਹੂਰ 114 ਸਾਲਾ ਐਥਲੀਟ ਫੌਜਾ ਸਿੰਘ ਦਾ ਇਸ ਘਟਨਾ ਤੋਂ ਬਾਅਦ ਜਲੰਧਰ ਵਿਚ ਦੇਹਾਂਤ ਹੋ ਗਿਆ। ਉਹ ਸੈਰ ਲਈ ਆਪਣੇ ਘਰ ਤੋਂ ਬਾਹਰ ਨਿਕਲੇ ਹੋਏ ਸਨ ਜਦੋਂ ਇਹ ਹਾਦਸਾ ਵਾਪਰਿਆ।
ਹਾਦਸਾ ਸ਼ਾਮ ਦੇ ਵੇਲੇ ਵਾਪਰਿਆ ਸੀ। ਗੰਭੀਰ ਜ਼ਖ਼ਮੀ ਫੌਜਾ ਸਿੰਘ ਨੂੰ ਇਲਾਜ ਲਈ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ। ਪੁਲਿਸ ਨੇ ਮਾਮਲੇ ਵਿੱਚ ਐਫ-ਆਈ-ਆਰ ਦਰਜ ਕਰਕੇ NRI ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੀ ਫਾਰਚਿਊਨਰ ਗੱਡੀ ਵੀ ਬਰਾਮਦ ਕਰ ਲਈ ਹੈ।