Punjab News: ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ, ਜਿਸਦੇ ਤਹਿਤ ਪੰਜਾਬ ਸਰਕਾਰ ਵਲੋਂ ਡਾ. ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਪੰਜਾਬ ਵਿਚ ਸ਼ੁੱਕਰਵਾਰ ਨੂੰ “ਹਰ ਸ਼ੁੱਕਰਵਾਰ,ਡੇਂਗੂ ਤੇ ਵਾਰ” ਮੁਹਿੰਮ ਅਧੀਨ ਗਤੀਵਿਧੀਆਂ ਕੀਤੀਆਂ ਗਈਆਂ।
ਮੁਕਤਸਰ ਸਾਹਿਬ ਦੇ ਕਿਰਤ ਨਗਰ, ਬਠਿੰਡਾ ਰੋਡ, ਕੋਟਲੀ ਰੋਡ, ਬੂੜਾ ਗੁੱਜਰ ਰੋਡ ਅਤੇ ਡੇਂਗੂ ਪਾਜ਼ੀਟਿਵ ਕੇਸਾਂ ਦੇ ਘਰਾਂ ਅਤੇ ਆਲੇ ਦੁਆਲੇ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ।ਇਸ ਮੁਹਿੰਮ ਤਹਿਤ ਡਾ. ਰੀਟਾ ਬਾਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਅਤੇ ਡਾ. ਸੰਦੀਪ ਕੌਰ ਜਿਲ੍ਹਾ ਐਪੀਡੀਮੋਲੋਜਿਸਟ ਦੀ ਯੋਗ ਅਗਵਾਈ ਵਿਚ ਸਿਹਤ ਵਿਭਾਗ ਦੀਆਂ ਟੀਮਾ ਨੇ ਪਾਣੀ ਦੇ ਸਰੋਤਾਂ ਦੀ ਜਾਂਚ ਕੀਤੀ ਅਤੇ ਪਾਣੀ ਖੜਨ ਵਾਲੇ ਸਰੋਤਾਂ ਵਿਚ ਐਂਟੀਲਾਰਵੀਅਲ ਸਪਰੇ ਦਾ ਛਿੜਕਾਅ ਕੀਤਾ ਗਿਆ ਤਾਂ ਜੋ ਡੇਂਗੂ ਦੀ ਬੀਮਾਰੀ ਤੋਂ ਬਚਾਅ ਹੋ ਸਕੇ।
ਇਸ ਸਬੰਧ ਵਿੱਚ ਡਾ. ਰੀਟਾ ਬਾਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਚ ਹੁਣ ਤੱਕ 214 ਡੇਂਗੂ ਦੇ ਪਾਜ਼ੀਟਿਵ ਕੇਸ ਰਿਪੋਰਟ ਹੋ ਚੁੱਕੇ ਹਨ ਅਤੇ ਹਰ ਰੋਜ ਨਵੇਂ ਕੇਸ ਰਿਪੋਰਟ ਹੋ ਰਹੇ ਹਨ ਇਸ ਲਈ ਡੇਂਗੂ ਤੋਂ ਬਚਣ ਲਈ ਸਾਵਧਾਨੀਆਂ ਵਰਤਨੀਆਂ ਬਹੁਤ ਜਰੂਰੀ ਹਨ।
ਉਨ੍ਹਾ ਕਿਹਾ ਕਿ ਹਰ ਸ਼ੁੱਕਰਵਾਰ ਨੂੰ “ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ” ਦੇ ਤੌਰ ਤੇ ਮਨਾਇਆ ਜਾਵੇ ਅਤੇ ਇਸ ਦਿਨ ਪਾਣੀ ਸਟੋਰ ਕਰਨ ਵਾਲੇ ਬਰਤਨਾਂ ਨੂੰ ਇਕ ਵਾਰ ਸੁਕਾ ਕੇ ਦੁਬਾਰਾ ਵਰਤੋਂ ਵਿਚ ਲਿਆਂਦਾ ਜਾਵੇ ਤਾਂ ਜੋ ਮੱਛਰ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ।ਇਸ ਮੌਕੇ ਡਾ. ਸੰਦੀਪ ਕੌਰ ਜਿਲ੍ਹਾ ਐਪੀਡੀਮੋਲੋਜਿਸਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਂਗੂ ਚੱਲ ਰਹੇ ਸੀਜਨ ਕਾਰਨ ਹੁਣ ਡੇਂਗੂ ਹੋਣ ਦਾ ਖਤਰਾ ਬਹੁਤਾ ਜਿਆਦਾ ਹੈ ਇਸ ਲਈ ਸਾਨੂੰ ਡੇਂਗੂ ਤੋਂ ਬਚਣ ਲਈ ਬਹੁਤ ਸਾਵਧਾਨ ਰਹਿਣ ਦੀ ਜਰੂਰਤ ਹੈ।
ਉਨ੍ਹਾ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼ ਅਜੈਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਇਹ ਮੱਛਰ ਇਕ ਹਫਤੇ ਤੋਂ ਵੱਧ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਲਈ ਸਾਨੂੰ ਕਬਾੜ ਵਿੱਚ ਪਏ ਟਾਇਰ, ਟੁੱਟੇ ਘੜੇ ਅਤੇ ਗਮਲੇ ਵਿੱਚ ਪਾਣੀ ਖੜਣ ਨਹੀਂ ਦੇਣਾ ਚਾਹੀਦਾ। ਮੱਛਰਦਾਨੀਆ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਵਰਤੋਂ ਕਰੋ, ਸਾਰੇ ਸਰੀਰ ਨੂੰ ਢੱਕਦੇ ਕੱਪੜੇ ਪਾਓ, ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜ੍ਹਾ ਹੋਣ ਦਿਓ, ਘਰ ਵਿੱਚ ਪਾਣੀ ਵਾਲੀਆਂ ਟੈਂਕੀਆਂ ਨੂੰ ਢੱਕ ਕੇ ਰੱਖੋ।