Gurlez Akthar: ਗਾਇਕਾ ਗੁਰਲੇਜ਼ ਅਖ਼ਤਰ ਦੇ ਘਰ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਹੁੰਚ ਗਿਆ ਹੈ। ਹੁਣ ਸੀਐਮ ਮਾਨ ਨੇ ਗੁਰਲੇਜ਼ ਅਖ਼ਤਰ ਦੇ ਘਰ ’ਤੇ ਕਥਿਤ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। 


ਹਾਸਲ ਜਾਣਕਾਰੀ ਅਨੁਸਾਰ ਗੁਰਲੇਜ਼ ਅਖ਼ਤਰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਵਾਂਦਰ ਜਟਾਣਾ ਦੀ ਜੰਮਪਲ ਹੈ, ਜਿੱਥੇ ਉਸ ਦਾ 4 ਮਰਲਿਆਂ ਦਾ ਘਰ ਹੈ ਤੇ ਹੁਣ ਇੱਥੇ ਉਸ ਦੀ ਮਾਂ ਰਾਣੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਗੁਰਲੇਜ਼ ਦੀ ਮਾਂ ਉਸ ਨੂੰ ਮਿਲਣ ਲੁਧਿਆਣਾ ਗਈ ਸੀ, ਜਿਸ ਮਗਰੋਂ ਕੁਝ ਵਿਅਕਤੀਆਂ ਨੇ ਗੇਟ ਦਾ ਜਿੰਦਰਾ ਤੋੜ ਕੇ ਘਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਕੁਝ ਸਾਮਾਨ ਵੀ ਚੋਰੀ ਕਰ ਲਿਆ। 


ਇਸ ਸਬੰਧੀ ਗੁਰਲੇਜ਼ ਦੀ ਮਾਂ ਵੱਲੋਂ ਫ਼ਰੀਦਕੋਟ ਦੇ ਐਸਐਸਪੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਤੀ ਸ਼ਿਕਾਇਤ ਭੇਜੀ ਗਈ ਸੀ। ਮੁੱਖ ਮੰਤਰੀ ਦਫ਼ਤਰ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਪੀੜਤ ਨੂੰ ਇਨਸਾਫ਼ ਦੇਣ ਦੀ ਹਦਾਇਤ ਕੀਤੀ ਹੈ। ਗੁਰਲੇਜ਼ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਥਾਣੇ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਸੀ, ਪਰ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ।