Punjab News: ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਭਾਜਪਾ ਦੇ ਸੀਨੀਅਰ ਆਗੂ ਇਕਬਾਲ ਸਿੰਘ ਲਾਲਪੁਰਾ ਦੇ ਬੇਟੇ ਅਜੈਵੀਰ ਸਿੰਘ ’ਤੇ ਉਸ ਵੇਲੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਜਦ ਉਹ ਆਪਣੇ ਇੱਕ ਦੋਸਤ ਦੇ ਨਾਲ ਬੀਤੀ ਰਾਤ ਚੰਡੀਗੜ੍ਹ ਤੋਂ ਆਪਣੇ ਪਿੰਡ ਵੱਲ ਜਾ ਰਹੇੇ ਸਨ।
ਹਮਲਾਵਰਾਂ ਵਿੱਚੋਂ ਇੱਕ ‘ਆਮ ਆਦਮੀ ਪਾਰਟੀ’ ਦੇ ਵਿਧਾਇਕ ਦਾ ਭਾਣਜਾ ਦੱਸਿਆ ਜਾ ਰਿਹਾ ਹੈ। ਅਜੈਵੀਰ ਸਿੰਘ ਆਪਣੇ ਦੋਸਤ ਸੁਰਿੰਦਰ ਪਾਲ ਸਿੰਘ ਦੇ ਚੰਡੀਗੜ੍ਹ ਵਿਖ਼ੇ ਇਕ ਸਮਾਗਮ ਵਿੱਚ ਸ਼ਮੂਲੀਅਤ ਤੋਂ ਬਾਅਦ ਵਾਪਸ ਜਾ ਰਹੇ ਸਨ ਤਾਂ ਇੱਕ ਸਵਿਫ਼ਟ ਗੱਡੀ ਨੇ ਉਨ੍ਹਾਂ ਦਾ ਪਿੱਛਾ ਕਰਨ ਉਪਰੰਤ ਦੋ ਤਿੰਨ ਵਾਰ ਟੱਕਰ ਮਾਰਣ ਦੀ ਕੋਸ਼ਿਸ਼ ਕੀਤੀ ਅਤੇ ਅੰਤ ਬੈਂਸਾਂ ਅੱਡੇ ਕੋਲ ਗੱਡੀ ਵਿੱਚ ਸ਼ਾਮਲ ਲੋਕਾਂ ਨੇ ਉਨ੍ਹਾਂ ਦੀ ਗੱਡੀ ਰੋਕ ਲਈ।
ਇਸ ਮੌਕੇ ਸਵਿਫ਼ਟ ਵਿੱਚੋਂ ਦੋ ਲੋਕ ਬਾਹਰ ਨਿਕਲੇ ਜਿਹਨਾਂ ਕੋਲ ਹਥਿਆਰ ਸਨ ਤੇ ਉਨ੍ਹਾਂ ਨੇ ਹਥਿਆਰ ਉਨ੍ਹਾਂ ਵੱਲ ਤਾਣੇ ਅਤੇ ਗਾਲ੍ਹਾਂ ਕੱਢੀਆਂ, ਧਮਕੀਆਂ ਦਿੱਤੀਆਂ, ਸਮਾਂ ਰਹਿੰਦਿਆਂ ਹੀ ਅਜੈਵੀਰ ਸਿੰਘ ਨੇ ਨੇੜੇ ਹੀ ਪੈਂਦੇ ਥਾਣਾ ਨੂਰਪੁਰ ਬੇਦੀ ਦੇ SHO ਨੂੰ ਫ਼ੋਨ ਕੀਤਾ ਜੋ ਮੌਕੇ ’ਤੇ ਪੁੱਜ ਗਏ।
ਇਸ ਸੰਬੰਧੀ ਅਜੈਵੀਰ ਸਿੰਘ ਲਾਲਪੁਰਾ ਨੇ ਥਾਣਾ ਨੂਰਪੁਰ ਬੇਦੀ ਵਿੱਚ ਮਾਮਲਾ ਦਰਜ ਕਰਵਾਇਆ ਹੈ ਪਰ ਅਜੈਵੀਰ ਸਿੰਘ ਦਾ ਦੋਸ਼ ਹੈ ਕਿ ਦਰਜ ਕੀਤੀ ਗਈ ਐਫ.ਆਈ.ਆਰ. ਵਿੱਚ ਹਥਿਆਰਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਜਦਕਿ ਮੌਕੇ ’ਤੇ ਪੁਲਿਸ ਦੇ ਸਾਹਮਣੇ ਸਾਰਾ ਕੁਝ ਸਪਸ਼ਟ ਸੀ।
ਇਸ ਮਾਮਲੇ ਵਿੱਚ ਜਸਪ੍ਰੀਤ ਸਿੰਘ ਅਤੇ ਜਸਕਰਨ ਸਿੰਘ ਨਾਂਅ ਦੇ ਦਸ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਸਕਰਨ ਸਿੰਘ ‘ਆਮ ਆਦਮੀ ਪਾਰਟੀ’ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦਾ ਭਾਣਜਾ ਹੈ, ਅਜੈਵੀਰ ਸਿੰਘ ਲਾਲਪੁਰਾ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਵਿੱਚ ਜਾਂਚ ਕਰਕੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।