ਚੰਡੀਗੜ੍ਹ: ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਲਜ਼ਾਮ ਲਾਇਆ ਹੈ ਕਿ ਸਨਿੱਚਰਵਾਰ ਨੂੰ ਚਮਕੌਰ ਸਾਹਿਬ ਦੇ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਦਰਸ਼ਨ ਦੌਰਾਨ ਕੁਝ ਬੰਦਿਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ।


ਚੰਨੀ ਨੇ ਦਾਅਵਾ ਕੀਤਾ ਕਿ ਅਣਪਛਾਤੇ ਅਨਸਰਾਂ ਦੀ ਕਥਿਤ ਤੌਰ 'ਤੇ ਮੌਜੂਦਗੀ ਬਾਰੇ ਪੁਲਿਸ ਨੂੰ ਪਹਿਲਾਂ ਹੀ ਸੂਚਿਤ ਕੀਤੇ ਜਾਣ ਦੇ ਬਾਵਜੂਦ ਇਹ ਘਟਨਾ ਵਾਪਰੀ। ਸਿੱਧੂ, ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਤੇ ਚੰਨੀ ਤਦ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਕਿਸੇ ਵਾਹਨ ਰਾਹੀਂ ਪਰਤ ਰਹੇ ਸਨ।


ਚੰਨੀ ਨੇ ਇਲਜ਼ਾਮ ਲਾਇਆ, “ਪੁਲਿਸ ਨੇ ਪੀਪੀਸੀਸੀ ਮੁਖੀ ਦੀ ਗੱਡੀ ਦੇ ਨੇੜੇ ‘ਬਦਮਾਸ਼ਾਂ’ ਨੂੰ ਅੰਦੋਲਨ ਕਰਨ ਦੀ ਇਜਾਜ਼ਤ ਦਿੱਤੀ।” ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਇਸ ਸਬੰਧੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਤੇ ਰੋਪੜ ਦੇ ਐਸਐਸਪੀ ਅਖਿਲ ਚੌਧਰੀ ਕੋਲ ਵਿਰੋਧ ਪ੍ਰਗਟਾ ਚੁੱਕੇ ਹਨ।


ਹਾਲਾਂਕਿ ਸਿੱਧੂ ਨੇ ਇਸ ਸਬੰਧ ਵਿੱਚ ਪੁੱਛੇ ਗਏ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ। ਚੰਨੀ ਨੇ ਕਿਹਾ, “ਪ੍ਰੇਸ਼ਾਨ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਚਮਕੌਰ ਸਾਹਿਬ ਵਿਖੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਵੈਨ ਵਿੱਚ ਮੋਰਿੰਡਾ ਭੇਜਿਆ ਗਿਆ ਸੀ ਜਦੋਂਕਿ ਸਿੱਧੂ ਚਮਕੌਰ ਸਾਹਿਬ ਵੱਲ ਜਾ ਰਹੇ ਸਨ। ਜ਼ਾਹਰ ਹੈ ਕਿ ਉਹ ਗਲਤ ਅਨਸਰਾਂ ਦੀ ਮਦਦ ਲਈ ਜਾ ਰਹੇ ਸਨ। ”


ਪੁਲਿਸ ਨੇ ਮੁੱਖ ਰੋਡ 'ਤੇ ਹੀ ਅੰਦੋਲਨਕਾਰੀ ਕਿਸਾਨਾਂ ਨੂੰ ਰੋਕ ਲਿਆ ਸੀ ਪਰ ਉਨ੍ਹਾਂ ਵਿੱਚੋਂ ਕੁਝ ਗੁਰਦੁਆਰਾ ਸਾਹਿਬ ਤੱਕ ਪਹੁੰਚਣ 'ਚ ਸਫਲ ਹੋ ਗਏ ਤੇ ਉਨ੍ਹਾਂ ਦੀ ਗੱਡੀ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਚਰਨਜੀਤ ਚੰਨੀ ਨੇ ਕਿਹਾ,“ਜਦੋਂ ਅਸੀਂ ਗੁਰਦੁਆਰਾ ਪਾਰਕਿੰਗ ਤੋਂ ਬਾਹਰ ਜਾ ਰਹੇ ਸਾਂ, ਤਾਂ ਉਹ ਸਾਡੇ ਗੱਡੀ ਵੱਲ ਨੱਸੇ। ਜੇ ਡੀਜੀਪੀ ਕਾਂਗਰਸ ਪ੍ਰਧਾਨ ਦੀ ਸੁਰੱਖਿਆ ਨੂੰ ਯਕੀਨੀ ਨਹੀਂ ਬਣਾ ਸਕਦੇ ਤਾਂ ਉਨ੍ਹਾਂ ਨੂੰ ਆਪਣੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ।’’


ਕੁਲਜੀਤ ਨਾਗਰਾ ਨੇ ਇਸ ਨੂੰ ਸੁਰੱਖਿਆ ਦੀ ਉਲੰਘਣਾ ਕਰਾਰ ਦਿੱਤਾ। ਉਨ੍ਹਾਂ ਕਿਹਾ, “ਜੇਕਰ ਸ਼ਰਾਰਤੀ ਵਿਅਕਤੀ, ਕਿਸਾਨਾਂ ਦੀ ਆੜ ਵਿੱਚ ਕਿਸੇ ਮਹੱਤਵਪੂਰਨ ਵਿਅਕਤੀ ਨੂੰ ਨੁਕਸਾਨ ਪਹੁੰਚਾਉਣ, ਤਾਂ ਇਸ ਦਾ ਗੰਭੀਰ ਨੁਕਸਾਨ ਹੋ ਸਕਦਾ ਹੈ।” ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ 'ਤੇ ਆਪਣਾ ਪੱਖ ਸਪੱਸ਼ਟ ਕਰਨ। ਇਸ ਤੋਂ ਇਲਾਵਾ ਇਹ ਵੀ ਯਕੀਨੀ ਕਰਨ ਕਿ ਉਨ੍ਹਾਂ ਦੇ ਬੈਨਰ ਦੀ ਕੋਈ ਸ਼ਰਾਰਤੀ ਅਨਸਰ ਦੁਰਵਰਤੋਂ ਨਾ ਕਰ ਸਕਣ।


ਇਸ ਦੌਰਾਨ ਰੋਪੜ ਦੇ ਐਸਐਸਪੀ ਅਖਿਲ ਚੌਧਰੀ ਨੇ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀਆਂ ਕਮੀਆਂ ਤੋਂ ਇਨਕਾਰ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਵੀਆਈਪੀਜ਼ ਦੀ ਸੁਰੱਖਿਆ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਤਕਰੀਬਨ 10-12 ਵਿਅਕਤੀਆਂ ਨੇ, ਕਾਂਗਰਸੀ ਵਰਕਰ ਹੋਣ ਦਾ ਦਾਅਵਾ ਕੀਤਾ, ਉਹ ਉੱਥੇ ਪਹੁੰਚਣ ਵਿੱਚ ਸਫਲ ਹੋ ਗਏ ਤੇ ਬਾਅਦ ਵਿੱਚ ਉਨ੍ਹਾਂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਗੱਡੀ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ।


ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਸਹੀ ਸੁਰੱਖਿਆ ਕਰਕੇ ਹੀ ਉਹ ਪ੍ਰਦਰਸ਼ਨਕਾਰੀ ਕਾਰ ਤਕ ਨਹੀਂ ਪਹੁੰਚ ਸਕੇ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 148, 149, 323, 283 ਤੇ 341 ਤਹਿਤ ਕੇਸ ਦਰਜ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Punjab Schools Reopen: ਪੰਜਾਬ 'ਚ ਖੁੱਲ੍ਹ ਗਏ ਸਰਕਾਰੀ ਤੇ ਪ੍ਰਾਈਵੇਟ ਸਕੂਲ, ਵੇਖੋ ਗ੍ਰਾਉਂਡ ਰਿਪੋਰਟ 'ਚ ਕੀ ਹਾਲਾਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904