ਅੰਮ੍ਰਿਤਸਰ: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਤਲਬ ਕੀਤਾ ਹੈ। ਉਨ੍ਹਾਂ ਨੂੰ ਸਿੱਖ ਧਰਮ ਦੀ ਅਰਦਾਸ ਦੇ ਵਾਕ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸ਼ਲਾਘਾ ਲਈ ਵਰਤੇ ਜਾਣ ਦੇ ਮਾਮਲੇ ’ਚ ਸਪੱਸ਼ਟੀਕਰਨ ਦੇਣ ਲਈ 28 ਜਨਵਰੀ ਨੂੰ ਅਕਾਲ ਤਖ਼ਤ ’ਤੇ ਬੁਲਾਇਆ ਹੈ।


ਇਸ ਦੀ ਪੁਸ਼ਟੀ ਕਰਦਿਆਂ ਅਕਾਲ ਤਖ਼ਤ ਦੇ ਸਕੱਤਰੇਤ ਤੋਂ ਵਧੀਕ ਮੈਨੇਜਰ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਅਵਤਾਰ ਸਿੰਘ ਹਿੱਤ ਨੂੰ ਪੱਤਰ ਭੇਜ ਦਿੱਤਾ ਹੈ। ਹਿੱਤ ਦਿੱਲੀ ਕਮੇਟੀ ਦੇ ਵੀ ਪ੍ਰਧਾਨ ਰਹੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਨ। ਪੱਤਰ ਵਿਚ ਉਨ੍ਹਾਂ ਨੂੰ 28 ਜਨਵਰੀ ਨੂੰ ਸਵੇਰੇ ਦਸ ਵਜੇ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਦੋਸ਼ਾਂ ਬਾਰੇ ਸਪੱਸ਼ਟੀਕਰਨ ਦੇਣ ਵਾਸਤੇ ਆਖਿਆ ਗਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ 13 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ। ਤਿੰਨ ਰੋਜ਼ਾ ਗੁਰਮਤਿ ਸਮਾਗਮਾਂ ਦੌਰਾਨ ਗੁਰਦੁਆਰਾ ਸ਼ੀਤਲਕੁੰਡ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਹ ਨੀਂਹ ਪੱਥਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਰੱਖਿਆ ਗਿਆ ਸੀ।

ਸਮਾਗਮ ਵਿਚ ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਹਾਜ਼ਰ ਸਨ। ਇਸ ਮੌਕੇ ਨਿਤੀਸ਼ ਕੁਮਾਰ ਦੀ ਸ਼ਲਾਘਾ ਕਰਦਿਆਂ ਅਵਤਾਰ ਸਿੰਘ ਹਿੱਤ ਵੱਲੋਂ ਸਿੱਖ ਅਰਦਾਸ ਦੇ ਵਾਕ ਵਰਤੇ ਗਏ।