ਦਰਬਾਰ ਸਾਹਿਬ ਨੂੰ ਐਵਾਰਡ ਦੇਣ ਵਾਲੀ ਸੰਸਥਾ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ...
ਏਬੀਪੀ ਸਾਂਝਾ | 27 Nov 2017 09:41 AM (IST)
ਸਿਡਨੀ- ਹਾਲੇ ਦੋ ਦਿਨ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਨੂੰ ਸੰਸਾਰ ਵਿੱਚ ਸ਼ਰਧਾਲੂਆਂ ਦੀ ਸਭ ਤੋਂ ਵੱਧ ਗਿਣਤੀ ਦਾ ਐਵਾਰਡ ਦੇਣ ਵਾਲੀ ‘ਵਰਲਡ ਬੁੱਕ ਆਫ ਰਿਕਾਰਡਜ਼’ ਦੀ ਹੋਂਦ ਸਵਾਲਾਂ ਹੇਠ ਆ ਗਈ ਹੈ। ਲੰਡਨ ਤੋਂ ਚੱਲਦੀ ਦੱਸੀ ਗਈ ‘ਵਰਲਡ ਬੁੱਕ ਆਫ ਰਿਕਾਰਡਜ਼’ (ਡਬਲਿਊ ਬੀ ਆਰ) ਸੰਸਥਾ ਜਿਸ ਐਡਰੈੱਸ ਉੱਤੇ ਰਜਿਸਟਰ ਹੋਈ ਹੈ, ਉੱਥੇ ਪੰਜ ਹੋਰ ਸੰਸਥਾਵਾਂ ਇਹੋ ਪਤਾ ਦੱਸ ਕੇ ਲੰਡਨ ਵਿੱਚ ਰਜਿਸਟਰ ਹੋਈਆਂ ਹਨ ਤੇ ਏਥੇ ਸਿਰਫ ਦੋ ਕਮਰਿਆਂ ਵਾਲੇ ਘਰ ਵਿੱਚ ‘ਵਰਲਡ ਬ੍ਰਾਹਮਣ ਆਰਗੇਨਾਈਜ਼ੇਸ਼ਨ’ ਵੀ ਰਜਿਸਟਰਡ ਹੈ। ਵਰਨਣ ਯੋਗ ਹੈ ਕਿ ਬੀਤੇ ਵੀਰਵਾਰ ਨੂੰ ‘ਵਰਲਡ ਬੁੱਕ ਆਫ ਰਿਕਾਰਡਜ਼’ ਨਾਂਅ ਦੀ ਸੰਸਥਾ ਨੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਨੂੰ ‘ਸੰਸਾਰ ਦੀ ਸਭ ਤੋਂ ਵਧੇਰੇ ਸੈਲਾਨੀਆਂ ਦੀ ਆਮਦ ਵਾਲੀ ਥਾਂ’ ਹੋਣ ਦਾ ਸਰਟੀਫ਼ਿਕੇਟ ਦਿੱਤਾ ਸੀ। ਆਸਟਰੇਲੀਆ ਵਿੱਚ ਸਿਡਨੀ ਦੇ ਜਿਸ ਐਡਰੈੱਸ ਉੱਤੇ ਉਸ ਦਾ ਦਫ਼ਤਰ ਦੱਸਿਆ ਗਿਆ ਹੈ, ਓਥੇ ਕਿਸੇ ਦਫਰਤ ਦੀ ਥਾਂ ਰਿਹਾਇਸ਼ੀ ਘਰ ਹੈ ਅਤੇ ਚਾਰੇ ਪਾਸੇ ਘਰ ਬਣੇ ਹੋਏ ਹਨ। ਆਲੇ-ਦੁਆਲੇ ਦੇ ਲੋਕਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਹੈ ਕਿ ਉਨ੍ਹਾਂ ਦੇ ਗੁਆਂਢ ਦੋ ਕਮਰਿਆਂ ਦੇ ਘਰ ਵਿੱਚ ਸੰਸਾਰ ਦੀ ਉਹ ਸੰਸਥਾ ਚੱਲ ਰਹੀ ਹੈ, ਜਿਸ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ‘ਐਵਾਰਡ’ ਦਿੱਤਾ ਹੈ। ਇਸ ਇਲਾਕੇ ਵਿੱਚ ਰਹਿੰਦੇ ਸੁਰੇਸ਼ ਕੁਮਾਰ ਨੇ ਕਿਹਾ ਕਿ ‘ਵਰਲਡ ਗਿੰਨੀਜ਼ ਬੁੱਕ ਰਿਕਾਰਡ’ ਬਾਰੇ ਤਾਂ ਸਭ ਲੋਕ ਜਾਣਦੇ ਹਨ, ਪਰ ‘ਵਰਲਡ ਬੁੱਕ ਆਫ ਰਿਕਾਰਡਜ਼’ ਨਾਮ ਦੀ ਪਹਿਲੀ ਵਾਰ ਸੁਣੀ ਸੰਸਥਾ ਭੰਬਲਭੂਸਾ ਪੈਦਾ ਕਰਦੀ ਹੈ। ਆਸਟਰੇਲੀਆ ਵਿੱਚ ਕੰਮ ਕਰਨ ਲਈ ਇਸ ਸੰਸਥਾ ਕੋਲ ਰਜਿਸਟਰੇਸ਼ਨ ਸਰਟੀਫ਼ਿਕੇਟ ਹੀ ਨਹੀਂ ਹੈ। ਸਿਡਨੀ ਵਿੱਚ ਇਸ ਦੇ ਦਫ਼ਤਰ ਵਿੱਚ ਰਹਿੰਦੀ ਲੜਕੀ ਦਾ ਕਹਿਣਾ ਹੈ ਕਿ ਉਸ ਨੂੰ ਇਸ ਸੰਸਥਾ ਨਾਲ ਜੁੜਿਆਂ ਅਜੇ ਇਕ-ਦੋ ਮਹੀਨੇ ਹੋਏ ਹਨ। ਉਹ ਵਾਲੰਟੀਅਰ ਵਜੋਂ ਮਦਦ ਕਰਦੀ ਹੈ ਅਤੇ ਉਸ ਦਾ ਅੰਮ੍ਰਿਤਸਰ ਵਿੱਚ ਰਹਿੰਦਾ ਭਰਾ ਰਣਦੀਪ ਸਿੰਘ ਕੋਹਲੀ ਇਸ ਸੰਸਥਾ ਦਾ ਸਰਗਰਮ ਵਰਕਰ ਹੈ। ਸੰਸਥਾ ਦੇ ਅਹੁਦੇਦਾਰ ਸੰਤੋਸ਼ ਸ਼ੁਕਲਾ ਨੇ ਕਿਹਾ ਕਿ ਸੰਸਥਾ ਗ਼ੈਰ ਮੁਨਾਫ਼ੇ ਵਜੋਂ ਕੰਮ ਕਰਦਿਆਂ ਸਮਾਜਿਕ ਕੰਮਾਂ ਨੂੰ ਪ੍ਰਣਾਈ ਹੋਈ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨੇ ਨਾ ਕੋਈ ਦਫ਼ਤਰ ਖੋਲ੍ਹੇ ਤੇ ਨਾ ਹੀ ਤਨਖ਼ਾਹਦਾਰ ਮੁਲਾਜ਼ਮ ਰੱਖੇ ਹਨ, ਸਾਰਾ ਕੁਝ ਲੋਕ ਸੇਵਾ ਨਾਲ ਚਲ ਰਿਹਾ ਹੈ।