ਰੂਪਨਗਰ: ਮਾਨਵਤਾ ਦੇ ਮਸੀਹਾ ਤੇ ਪੁੱਲਾਂ ਵਾਲੇ ਬਾਬੇ ਦੇ ਨਾਂ ਨਾਲ ਜਾਣੇ ਜਾਂਦੇ ਬਾਬਾ ਲਾਭ ਸਿੰਘ ਤੋਂ ਬਾਅਦ ਕਿਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਵਜੋਂ ਸੇਵਾ ਨਿਭਾਅ ਰਹੇ ਬਾਬਾ ਹਰਭਜਨ ਸਿੰਘ ਪਹਿਲਵਾਨ ਦਾ ਬੀਤੀ ਰਾਤ ਦਿਹਾਂਤ ਹੋ ਗਿਆ।

ਬਾਬਾ ਲਾਭ ਸਿੰਘ ਜੀ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਜੁਲਾਈ, 2019 ਨੂੰ ਅਕਾਲ ਚਲਾਨਾ ਕਰ ਗਏ ਸਨ। ਉਨ੍ਹਾਂ ਤੋਂ ਬਾਅਦ ਕਾਰ ਸੇਵਾ ਕਿਲ੍ਹਾ ਅਨੰਦਪੁਰ ਸਾਹਿਬ ਦੀ ਜ਼ਿੰਮੇਵਾਰੀ ਬਾਬਾ ਹਰਭਜਨ ਸਿੰਘ ਪਹਿਲਵਾਨ ਨੂੰ ਸੌਂਪੀ ਗਈ ਸੀ। ਕੱਲ੍ਹ ਰਾਤ ਬਾਬਾ ਹਰਭਜਨ ਸਿੰਘ ਪਹਿਲਵਾਨ ਦੇ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸਿੱਖ ਪੰਥ ਨੂੰ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੀ ਵੱਡੀ ਦੇਣ ਹੈ। ਅਨੇਕਾਂ ਹੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੇ ਸਕੂਲ ਕਾਲਜ ਸਮੇਤ ਉਹ ਥਾਂਵਾਂ ਜਿੱਥੇ ਸਰਕਾਰ ਵੀ ਪਹੁੰਚ ਨਹੀਂ ਸੀ ਕਰ ਸਕੀ, ਅਜਿਹੀਆਂ ਥਾਂਵਾਂ ਤੇ ਕਾਰ ਸੇਵਾ ਕਰ ਮਿਸਾਲ ਸਿਰਜੀ ਸੀ। ਅੱਜ ਉਨ੍ਹਾਂ ਦੇ ਅਕਾਲ ਮੌਕੇ ਗੁਰਦੁਅਰਾ ਪਤਾਲਪੁਰੀ ਸਾਹਿਬ ਵਿਖੇ ਸੰਗਤਾ ਦਾ ਸੈਲਾਬ ਆਇਆ ਹੋਇਆ ਸੀ। ਵੱਖ ਵੱਖ ਸੰਪਰਦਾਵਾਂ ਦੇ ਮੁਖੀਆਂ ਵੱਲੋਂ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਬਾਬਾ ਹਰਭਜਨ ਸਿੰਘ ਪਹਿਲਵਾਨ ਦੀ ਉਮਰ 75 ਸਾਲਾ ਦੀ ਸੀ। ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੀ ਧਰਮ ਪਤਨੀ ਦੋ ਬੇਟੇ ਤੇ ਇਕ ਬੇਟੀ ਹੈ। ਉਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਮੁਧਲ ਪਿੰਡ 'ਚ ਹੋਇਆ ਸੀ।