Punjab News: ਪੰਜਾਬ ਪੁਲਿਸ ਨੇ ਬਾਬਾ ਗੁਰਵਿੰਦਰ ਸਿੰਘ ਖੇੜੀ ਜੱਟਾਂ ਖਿਲਾਫ ਸਖਤ ਐਕਸ਼ਨ ਕੀਤਾ ਹੈ। ਫਤਿਹਗੜ੍ਹ ਸਾਹਿਬ ਪੁਲਿਸ ਨੇ ਬਾਬਾ ਖੇੜੀ ਵਾਲੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਬਾਬੇ 'ਤੇ ਆਪਣੇ ਸਹੁਰਾ ਪਰਿਵਾਰ 'ਤੇ ਗੋਲੀ ਚਲਾਉਣ ਦਾ ਦੋਸ਼ ਹੈ। ਇਸ ਘਟਨਾ ਦੌਰਾਨ ਗੁਰਵਿੰਦਰ ਸਿੰਘ ਦੀ ਸੱਸ ਤੇ ਮਹਿਲਾ ਕਿਸਾਨ ਆਗੂ ਗੁਰਜੀਤ ਕੌਰ ਦੇ ਪੱਟ ਵਿੱਚ ਗੋਲੀ ਲੱਗੀ ਸੀ। 



ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਥਾਣਾ ਫਤਿਹਗੜ੍ਹ ਸਾਹਿਬ ਵਿੱਚ ਬਾਬਾ ਗੁਰਵਿੰਦਰ ਸਿੰਘ ਤੇ ਉਸ ਦੇ ਰਿਸ਼ਤੇਦਾਰ ਪ੍ਰਭਦੀਪ ਸਿੰਘ ਸਮੇਤ ਕਈਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਡੀਐਸਪੀ ਸੁਖਨਾਜ਼ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਵਾਸੀ ਖੇੜੀ ਜੱਟਾਂ ਦਾ ਵਿਆਹ ਸਾਹਿਬਜੀਤ ਕੌਰ ਪੁੱਤਰੀ ਗੁਰਜੀਤ ਕੌਰ ਵਾਸੀ ਮਾਤਾ ਗੁਜਰੀ ਕਲੋਨੀ ਫਤਹਿਗੜ੍ਹ ਸਾਹਿਬ ਨਾਲ ਹੋਇਆ ਸੀ। ਦੋਵਾਂ ਧਿਰਾਂ ਵਿੱਚ ਘਰੇਲੂ ਝਗੜਾ ਚੱਲ ਰਿਹਾ ਹੈ। 



ਇਸ ਕਾਰਨ ਸੋਮਵਾਰ ਸ਼ਾਮ 5 ਵਜੇ ਜਦੋਂ ਗੁਰਵਿੰਦਰ ਸਿੰਘ ਆਪਣੇ ਸਹੁਰੇ ਘਰ ਆਇਆ ਤਾਂ ਦੋਵਾਂ ਧਿਰਾਂ ਵਿੱਚ ਲੜਾਈ ਹੋ ਗਈ। ਸਿਵਲ ਹਸਪਤਾਲ ਦੇ ਬਾਹਰ ਵੀ ਦੋਵੇਂ ਧਿਰਾਂ ਆਪਸ ਵਿੱਚ ਭਿੜ ਗਈਆਂ। ਗੁਰਵਿੰਦਰ ਸਿੰਘ ਦੀ ਸੱਸ ਗੁਰਜੀਤ ਕੌਰ ਦੇ ਪੱਟ ਵਿੱਚ ਗੋਲੀ ਲੱਗੀ। ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਹਸਪਤਾਲ ਰੈਫਰ ਕਰ ਦਿੱਤਾ ਗਿਆ।


ਇਸ ਦੌਰਾਨ ਜ਼ਖਮੀ ਗੁਰਵਿੰਦਰ ਸਿੰਘ ਨੂੰ ਵੀ ਇਸੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਬੀਤੀ ਰਾਤ ਗੁਰਜੀਤ ਕੌਰ ਦੇ ਬਿਆਨ ਦਰਜ ਕਰਕੇ ਐਫਆਈਆਰ ਦਰਜ ਕੀਤੀ ਗਈ। ਇਸ ਵਿੱਚ ਗੁਰਵਿੰਦਰ ਸਿੰਘ ਖੇੜੀ ਜੱਟਾਂ ਵਾਲੇ ਤੇ ਪ੍ਰਭਦੀਪ ਸਿੰਘ ਨੂੰ ਭਾਰਤੀ ਨਿਆਂਇਕ ਸੰਹਿਤਾ ਤੇ ਅਸਲਾ ਐਕਟ ਦੀਆਂ ਧਾਰਾਵਾਂ 109, 333, 191, 190 ਤਹਿਤ ਨਾਮਜ਼ਦ ਕੀਤਾ ਗਿਆ ਹੈ।


ਡਾਕਟਰਾਂ ਅਨੁਸਾਰ ਗੁਰਵਿੰਦਰ ਸਿੰਘ ਗਵਾਹੀ ਦੇਣ ਦੇ ਯੋਗ ਨਹੀਂ ਸੀ। ਉਸ ਦਾ ਬਿਆਨ ਦਰਜ ਨਹੀਂ ਹੋ ਸਕਿਆ। ਡੀਐਸਪੀ ਨੇ ਅੱਗੇ ਦੱਸਿਆ ਕਿ ਘਟਨਾ ਦੌਰਾਨ ਇੱਕ ਗੋਲੀ ਚੱਲਣ ਦੀ ਪੁਸ਼ਟੀ ਹੋਈ ਹੈ। ਇਹ ਗੋਲੀ ਗੁਰਜੀਤ ਕੌਰ ਨੂੰ ਲੱਗੀ ਹੈ। ਗੋਲੀ ਕਿਸ ਨੇ ਚਲਾਈ ਤੇ ਕਿਸ ਹਥਿਆਰ ਨਾਲ ਚਲਾਈ ਗਈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।



ਫਤਹਿਗੜ੍ਹ ਸਾਹਿਬ ਦੀ ਕਿਸਾਨ ਆਗੂ ਤੇ ਗੁਰਵਿੰਦਰ ਸਿੰਘ ਦੀ ਸੱਸ ਗੁਰਜੀਤ ਕੌਰ ਅਨੁਸਾਰ ਉਸ ਦੀ ਲੜਕੀ ਸਾਹਿਬਜੀਤ ਕੌਰ ਦਾ ਵਿਆਹ ਇਕ ਸਾਲ ਪਹਿਲਾਂ ਖੇੜੀ ਵਾਲੇ ਬਾਬਾ ਗੁਰਵਿੰਦਰ ਨਾਲ ਹੋਇਆ ਸੀ ਪਰ ਉਦੋਂ ਤੋਂ ਹੀ ਉਹ ਦਾਜ ਦੀ ਮੰਗ ਕਰ ਰਿਹਾ ਸੀ। ਉਸ ਦੀ ਧੀ ਨੂੰ ਬਹੁਤ ਤੰਗ ਕੀਤਾ ਜਾਂਦਾ ਸੀ। 


ਉਧਰ, ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੁਦ ਬਿਮਾਰ ਹੈ। ਉਹ ਆਪਣੀ ਪਤਨੀ ਨੂੰ ਲੈਣ ਆਪਣੇ ਸਹੁਰੇ ਘਰ ਆਇਆ ਹੋਇਆ ਸੀ। ਉਨ੍ਹਾਂ 'ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਸਿਵਲ ਹਸਪਤਾਲ ਦੇ ਬਾਹਰ ਹਮਲਾ ਹੋਇਆ। ਉਸ ਦੀ ਬਾਂਹ ਤੇ ਲੱਤ 'ਤੇ ਫਰੈਕਚਰ ਹੋ ਗਿਆ। ਉਸ ਦੇ ਚਾਰ ਦੰਦ ਟੁੱਟ ਗਏ। ਗੁਰਵਿੰਦਰ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਨੂੰ ਅਗਵਾ ਕਰ ਲਿਆ ਗਿਆ ਹੈ। ਪਤਨੀ ਨੂੰ ਸਾਹਮਣੇ ਲਿਆਂਦਾ ਜਾਵੇ ਤਾਂ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ।