ਕੌਣ ਸੀ ਬਾਬਾ ਨਾਨਕ... ?
ਏਬੀਪੀ ਸਾਂਝਾ | 14 Nov 2016 04:10 PM (IST)
ਗੁਰੂ ਨਾਨਕ ਦੇਵ ਅਜਿਹੇ ਰੱਬੀ ਰਹਿਬਰ ਹੋਏ ਹਨ ਜਿਨ੍ਹਾਂ ਨੇ ਦੁਨੀਆ 'ਚ ਕਿਸੇ ਇੱਕ ਮਜ਼ਹਬ ਨੂੰ ਨਹੀਂ ਪ੍ਰਚਾਰਿਆ ਸਗੋਂ ਜ਼ਿੰਦਗੀ ਜਿਊਣ ਦੇ ਢੰਗ ਦੱਸੇ ਸਨ, ਇੱਕ ਸੱਚਾ ਸੁੱਚਾ ਇਨਸਾਨ ਬਣਨ ਦੇ। ਉਨ੍ਹਾਂ ਦਾ ਪਹਿਲਾ ਉਪਦੇਸ਼ ਸੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ, ਕਿਰਤੀ ਇਨਸਾਨ ਨੂੰ ਬਾਬੇ ਨਾਨਕ ਨੇ ਉੱਤਮ ਇਨਸਾਨ ਦੱਸਿਆ ਸੀ ਪਰ ਪਹਿਲਾਂ practical ਰੂਪ 'ਚ ਉਨ੍ਹਾਂ ਨੇ ਖੁਦ ਕਿਰਤ ਕੀਤੀ, ਨਾਮ ਜਪਿਆ ਤੇ ਵੰਡ ਕੇ ਛਕਿਆ ਤੇ ਫਿਰ ਇਹ ਉਪਦੇਸ਼ ਸਭ ਨੂੰ ਦਿੱਤਾ। ਖੇਤਾਂ ਵਿੱਚ ਉਹ 17 ਸਾਲ ਖੇਤੀ ਕਰਦੇ ਰਹੇ ਸੀ, ਵੰਡ ਕੇ ਛਕਣ ਦਾ ਭਾਵ ਸਿਰਫ ਰੋਟੀ ਵੰਡ ਕੇ ਖਾਣੀ ਨਹੀਂ ਬਲਕਿ ਜੋ ਕਿਰਤ ਕੀਤੀ ਹੈ, ਉਸ ਵਿੱਚੋਂ ਲੋੜਵੰਦਾਂ ਦੀ ਮਦਦ ਕਰਨੀ ਹੈ। ਆਪ ਜੀ ਨੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਬੁਲੰਦ ਆਵਾਜ਼ 'ਚ ਕਿਹਾ ਸੀ, ਸਰਕਾਰਾਂ ਦੇ ਜ਼ੁਲਮ ਖਿਲਾਫ ਖੁੱਲ੍ਹ ਕੇ ਬੋਲੇ, ਵਹਿਮਾਂ-ਭਰਮਾਂ ਖਿਲਾਫ ਡਟ ਕੇ ਬੋਲੇ ਤੇ ਖਾਤਮੇ ਲਈ ਨਿਡਰਤਾ ਨਾਲ ਡਟੇ ਰਹੇ। ਆਪ ਜੀ ਨੇ ਕਿਹਾ ਸੀ ਕਿ ਪਰਮਾਤਮਾ ਸਿਰਫ ਇੱਕ ਹੈ, ਹਾਂ ਰਸਤੇ ਜ਼ਰੂਰ ਵੱਖੋ ਵੱਖਰੇ ਹਨ। ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਤੇ ਵੀ ਇਹ ਨਹੀਂ ਕਹਿੰਦੀ ਕਿ ਹਿੰਦੂ, ਮੁਸਲਿਮ, ਇਸਾਈ ਕਿਸੇ ਵੀ ਧਰਮ ਦੇ ਵਿਅਕਤੀ ਆਪਣਾ ਧਰਮ ਛੱਡ ਕੇ ਸਿੱਖ ਬਣ ਜਾਣ, ਬਲਕਿ ਇਹ ਕਹਿੰਦੀ ਹੈ ਕਿ ਜੇ ਤੁਸੀਂ ਹਿੰਦੂ ਹੋ ਤਾਂ ਸੱਚੇ ਹਿੰਦੂ ਤਾਂ ਬਣੋ, ਪਾਖੰਡ ਨਾ ਕਰੋ, ਗੀਤਾ 'ਚ ਵੀ ਕਰਮ 'ਤੇ ਜ਼ੋਰ ਦਿੱਤਾ ਹੈ, ਜੇ ਮੁਸਲਮਾਨ ਹੋ ਤਾਂ ਸੱਚੇ ਬਣੋ, ਦੋ ਬੇੜੀਆਂ ਵਿੱਚ ਪੈਰ ਪਾਉਣ ਵਾਲਾ ਕਦੇ ਪਾਰ ਨਹੀਂ ਲੰਘਦਾ। ਬਿਨਾਂ ਸ਼ੱਕ ਸਿੱਖ ਧਰਮ ਹਰ ਕਿਸੇ ਦਾ ਆਪਣੇ ਘਰ ਚ 'ਸੁਆਗਤ ਕਰਦਾ ਹੈ, ਪਰ ਜ਼ਬਰੀ ਧਰਮ ਬਦਲਣ 'ਤੇ ਕਦੇ ਮਜ਼ਬੂਰ ਨਹੀਂ ਕਰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਹਰ ਧਰਮ ਦੇ ਮਹਾਂਪੁਰਸ਼ ਬੈਠੇ, ਭਾਵ ਸਭਨਾਂ ਦੀ ਬਾਣੀ ਬਿਨਾਂ ਕਿਸੇ ਭੇਦ ਭਾਵ ਤੋਂ ਦਰਜ ਕੀਤੀ ਗਈ ਹੈ। ਗੁਰੂ ਨਾਨਕ ਦੁਨੀਆ ਦੇ ਐਸੇ ਮਹਾਨ ਪ੍ਰਚਾਰਕ ਹੋਏ ਹਨ, ਜਿਨ੍ਹਾਂ ਨੂੰ 100 ਤੋਂ ਕਿਤੇ ਵੱਧ ਭਾਸ਼ਾਵਾਂ ਦਾ ਗਿਆਨ ਸੀ, ਤੇ ਆਪ ਜੀ ਨੂੰ ਦੁਨੀਆ ਦੇ ਦੂਜੇ ਸਭ ਤੋਂ ਵੱਧ ਪੈਦਲ ਯਾਤਰਾ ਕਰਨ ਵਾਲੇ ਇਨਸਾਨ ਮੰਨਿਆ ਜਾਂਦਾ ਹੈ, ਜਿਨ੍ਹਾਂ ਨੇ ਚਾਰਾਂ ਦਿਸ਼ਾਵਾਂ ਚ ਜਾ ਕੇ ਪ੍ਰਚਾਰ ਕੀਤਾ, ਇਬਨ ਬਤੂਤਾ ਪਹਿਲੇ ਸੀ। ਆਪ ਜੀ ਦੇ ਪ੍ਰਚਾਰ ਦੇ ਢੰਗ ਬਹੁਤ ਹੀ ਸ਼ਾਨਦਾਰ ਸਨ, ਉਹ practical ਰੂਪ 'ਚ ਕਰ ਕੇ ਦਿਖਾਉਂਦੇ ਸੀ ਤੇ ਜੇ ਮੈਂ ਆਪਣੀ ਗੱਲ ਤਰ੍ਹਾਂ ਤਾਂ ਅੱਜ ਜੇ ਮੇਰੇ ਕੋਲ ਇਹ ਲਿਖਣ ਦਾ ਵੀ ਅਧਿਕਾਰ ਹੈ ਤਾਂ ਸਿਰਫ ਬਾਬੇ ਨਾਨਕ ਕਰਕੇ .. ਜਿਨ੍ਹਾਂ ਨੇ ਇਸਤਰੀ ਨੂੰ ਬਰਾਬਰ ਦਾ ਅਧਿਕਾਰ ਦਿੱਤਾ, ਉਸ ਵੇਲੇ ਜਦੋਂ ਸਮਾਜ 'ਚ ਇਸਤਰੀ ਦੀ ਹਾਲਤ ਸੱਚਮੁੱਚ ਪੈਰ ਦੀ ਜੁੱਤੀ ਤੋਂ ਵੱਧ ਨਹੀਂ ਸੀ। ਆਪ ਜੀ ਨੇ ਔਰਤ ਬਾਰੇ ਬਾਣੀ 'ਚ ਹੀ ਲਿਖ ਦਿੱਤਾ ਤੇ ਹੁਣ ਰਹਿੰਦੀ ਦੁਨੀਆ ਤੱਕ ਔਰਤ ਦੇ ਸਤਿਕਾਰ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਵਾਤਾਵਰਨ ਨੂੰ ਬਚਾਉਣ ਦਾ ਉਨ੍ਹਾਂ ਨੇ ਖਾਸ ਸੁਨੇਹਾ ਦਿੱਤਾ ਸੀ, ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਕਹਿ ਕੇ। ਸੋ ਇਹੀ ਉਪਦੇਸ਼ ਜੇ ਜ਼ਿੰਦਗੀ 'ਚ ਧਾਰਨ ਕਰ ਲਈਏ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਤਾਂ ਹੀ ਜ਼ਿੰਦਗੀ ਮਾਨਣ ਦਾ ਵੱਖਰਾ ਹੀ ਸਰੂਰ ਹੈ। ਬਾਬੇ ਨਾਨਕ ਦੀ ਬਾਣੀ ਸਭ ਤੋਂ ਅਹਿਮ ਗੱਲ ਕਹਿੰਦੀ ਹੈ ਜ਼ਿੰਦਗੀ ਸਭ ਨੂੰ ਇਕੋ ਵਾਰ ਮਿਲੀ ਹੈ, ਇਕ ਵਾਰ ਮਿਲੇ ਮੌਕੇ 'ਚ ਅਸੀਂ ਚੰਗਾ ਕਰ ਕੇ ਜਾਣੈ ਜਾਂ ਮਾੜਾ ਇਹ ਆਪਣੇ 'ਤੇ ਨਿਰਭਰ ਹੈ।