Lawrence Bishnoi Involvement in Baba Siddique Murder: ਮਹਾਰਾਸ਼ਟਰ 'ਚ ਅਜੀਤ ਪਵਾਰ ਗਰੁੱਪ ਦੇ NCP ਨੇਤਾ ਅਤੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਮਾਮਲੇ ਦੀ ਜਾਂਚ 'ਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਦੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਹੈ ਕਿ ਜਦੋਂ ਬਾਬਾ ਸਿੱਦੀਕੀ ਦੇ ਕਤਲ ਦੀ ਯੋਜਨਾ ਬਣ ਰਹੀ ਸੀ ਤਾਂ ਉਸ ਨੇ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਨਾਲ ਗੱਲ ਕੀਤੀ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਹਾਲ ਹੀ 'ਚ ਗ੍ਰਿਫਤਾਰ ਕੀਤੇ ਗਏ ਮੁੱਖ ਸ਼ੂਟਰ ਸ਼ਿਵਕੁਮਾਰ ਗੌਤਮ ਨੇ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਪੁਣੇ 'ਚ ਕਤਲ ਦੀ ਤਿਆਰੀ ਦੌਰਾਨ ਜੇਲ 'ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਨਾਲ ਗੱਲ ਕੀਤੀ ਸੀ। ਇਸ ਗੱਲਬਾਤ 'ਚ ਬਿਸ਼ਨੋਈ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਜੇਕਰ ਸਿੱਦੀਕੀ ਦੇ ਕਤਲ ਤੋਂ ਬਾਅਦ ਪੁਲਿਸ ਉਸ ਨੂੰ ਫੜ ਲੈਂਦੀ ਹੈ ਤਾਂ ਉਸ ਨੂੰ ਘਬਰਾਉਣ ਦੀ ਲੋੜ ਨਹੀਂ।
ਬਾਬਾ ਸਿੱਦੀਕੀ ਨੂੰ ਵਿਦੇਸ਼ ਭੇਜਣ ਦਾ ਕੀਤਾ ਸੀ ਵਾਅਦਾ
ਜੇਲ੍ਹ 'ਚ ਬੰਦ ਗੈਂਗਸਟਰ ਨੇ ਕਥਿਤ ਤੌਰ 'ਤੇ ਵਾਅਦਾ ਕੀਤਾ ਸੀ ਕਿ ਉਹ ਅਤੇ ਉਸਦੀ ਟੀਮ ਦੋਸ਼ੀ ਸ਼ਿਵਕੁਮਾਰ ਗੌਤਮ ਨੂੰ ਕੁਝ ਹੀ ਦਿਨਾਂ 'ਚ ਜੇਲ੍ਹ 'ਚੋਂ ਬਾਹਰ ਕਢਵਾ ਲੈਣਗੇ। ਇਸ ਤੋਂ ਇਲਾਵਾ ਲਾਰੈਂਸ ਨੇ ਸ਼ੂਟਰ ਨੂੰ ਕਤਲ ਲਈ 12 ਲੱਖ ਰੁਪਏ ਦੇਣ ਅਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੂੰ ਵਿਦੇਸ਼ ਭੇਜਣ ਦਾ ਭਰੋਸਾ ਦਿੱਤਾ ਸੀ।
ਲਾਰੈਂਸ ਬਿਸ਼ਨੋਈ ਨੇ ਛੇਤੀ ਰਿਹਾਈ ਦਾ ਵੀ ਕੀਤਾ ਸੀ ਦਾਅਵਾ
ਦੋਸ਼ੀ ਸ਼ੂਟਰ ਸ਼ਿਵਕੁਮਾਰ ਗੌਤਮ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਲਾਰੇਂਸ ਬਿਸ਼ਨੋਈ ਨੇ ਕਿਹਾ ਸੀ ਕਿ ਉਸ ਕੋਲ ਵਕੀਲਾਂ ਦੀ ਇੱਕ ਟੀਮ ਹੈ, ਜੋ ਗੌਤਮ ਦੀ ਗ੍ਰਿਫ਼ਤਾਰੀ ਦੀ ਸੂਰਤ ਵਿੱਚ ਕੁਝ ਦਿਨਾਂ ਵਿੱਚ ਉਸ ਦੀ ਰਿਹਾਈ ਦਾ ਪ੍ਰਬੰਧ ਕਰ ਸਕਦੀ ਹੈ।
ਪਹਿਲੀ ਵਾਰ ਸਾਹਮਣੇ ਆਇਆ ਲਾਰੇਂਸ ਬਿਸ਼ਨੋਈ ਦਾ ਨਾਮ
ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਬਾਬਾ ਸਿੱਦੀਕੀ ਦੇ ਕਤਲ ਨਾਲ ਜੁੜੇ ਮਾਮਲੇ ਵਿੱਚ ਲਾਰੇਂਸ ਬਿਸ਼ਨੋਈ ਦਾ ਨਾਮ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਕਤਲ ਨਾਲ ਸਬੰਧਤ ਜਾਂਚ ਦੌਰਾਨ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦਾ ਨਾਂ ਸਾਹਮਣੇ ਆ ਚੁੱਕਿਆ ਹੈ।