Gangster Lawrence Bishnoi admits Faridkot Medical Hospital: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸਿਹਤ ਵਿਗੜ ਗਈ ਹੈ। ਜੇਲ੍ਹ ਵਿੱਚ ਇਲਾਜ ਤੋਂ ਬਾਅਦ ਹੁਣ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਦੀ ਟੀਮ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਹਾਸਲ ਜਾਣਕਾਰੀ ਅਨੁਸਾਰ ਦੇਰ ਰਾਤ ਲਾਰੈਂਸ ਬਿਸ਼ਨੋਈ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਜੇਲ੍ਹ ਹਸਪਤਾਲ ਵੱਲੋਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ। ਦੇਰ ਰਾਤ ਉਸ ਨੂੰ ਸੁਰੱਖਿਆ ਘੇਰੇ ਹੇਠ ਹਸਪਤਾਲ ਲਿਜਾਇਆ ਗਿਆ। ਲਾਰੈਂਸ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਪੁਲਿਸ ਖ਼ਤਰਾ ਨਹੀਂ ਉਠਾਉਣਾ ਚਾਹੁੰਦੀ ਤੇ ਸਿਰਫ਼ ਚੋਣਵੇਂ ਲੋਕਾਂ ਨੂੰ ਹੀ ਉਸ ਦੇ ਆਲੇ-ਦੁਆਲੇ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ।
ਦੱਸ ਦਈਏ ਕਿ ਲਾਰੈਂਸ ਨੂੰ ਪਿਛਲੇ ਮਹੀਨੇ ਹੀ ਦਿੱਲੀ ਤੋਂ ਬਠਿੰਡਾ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ। ਐਨਆਈਏ ਤੇ ਫਿਰ ਗੁਜਰਾਤ ਪੁਲਿਸ ਉਸ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਸੀ। ਦਿੱਲੀ ਵਿਚ ਰਹਿੰਦਿਆਂ ਹੀ ਉਸ ਨੂੰ ਮਾਰਨ ਦੀ ਧਮਕੀ ਮਿਲੀ। ਇਸ ਤੋਂ ਬਾਅਦ ਦਿੱਲੀ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਮੁੜ ਪੰਜਾਬ ਦੀ ਬਠਿੰਡਾ ਜੇਲ੍ਹ ਭੇਜਣ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ।
ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਪਿਛਲੇ ਮਹੀਨੇ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ ਸੀ। ਲਾਰੈਂਸ ਬਿਸ਼ਨੋਈ ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਦੋਸ਼ੀ ਹੈ। ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਵਿਉਂਤਬੰਦੀ ਲਾਰੈਂਸ ਦੇ ਇਸ਼ਾਰੇ 'ਤੇ ਹੀ ਕੀਤੀ ਗਈ ਸੀ। ਇਸ ਵਿੱਚ ਵਿਦੇਸ਼ ਬੈਠੇ ਗੋਲਡੀ ਬਰਾੜ ਤੇ ਜੇਲ੍ਹ ਵਿੱਚ ਬੰਦ ਜੱਗੂ ਭਗਵਾਨਪੁਰੀਆ ਨੇ ਉਨ੍ਹਾਂ ਦਾ ਸਾਥ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।