Punjab News: ਸ਼ਨੀਵਾਰ ਨੂੰ ਬਰਨਾਲਾ 'ਚ ਕਿਸਾਨਾਂ ਨਾਲ ਭਰੀਆਂ ਦੋ ਬੱਸਾਂ ਦਾ ਹਾਦਸਾਗ੍ਰਸਤ ਹੋ ਗਿਆ, ਜਿਸ 'ਚ ਤਿੰਨ ਔਰਤਾਂ ਦੀ ਮੌਤ ਹੋ ਗਈ। ਜਦਕਿ 30 ਤੋਂ ਵੱਧ ਲੋਕ ਜ਼ਖਮੀ ਹਨ। ਇਹ ਦੋਵੇਂ ਹਾਦਸੇ ਵੱਖਰੇ-ਵੱਖਰੇ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਬੱਸ ਖਨੌਰੀ ਸਰਹੱਦ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਮਰਨ ਵਰਤ ’ਤੇ ਜਾ ਰਹੀ ਸੀ ਤੇ ਦੂਜੀ ਬੱਸ ਟੋਹਾਣਾ ਵਿੱਚ ਹੋ ਰਹੀ ਮਹਾਪੰਚਾਇਤ ਵਿੱਚ ਜਾ ਰਹੀ ਸੀ। ਇਸ ਹਾਦਸੇ ਵਿੱਚ ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਭਰਤੀ ਕਰਵਾਇਆ ਗਿਆ ਹੈ।


ਇਸ ਹਾਦਸੇ ਤੋਂ ਬਾਅਦ ਬਠਿੰਡਾ ਤੋਂ ਸਾਂਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅੱਜ ਸਵੇਰੇ ਵਾਪਰੀ ਇਸ ਮੰਦਭਾਗੀ ਘਟਨਾ ਬਾਰੇ ਜਾਣ ਕੇ ਬਹੁਤ ਹੀ ਦੁੱਖ ਹੋਇਆ । ਬਠਿੰਡਾ ਦੇ ਰਾਮਪੁਰਾ ਫੂਲ ਦੇ ਨਗਰ ਕੋਠਾਗੁਰੂ ਤੋਂ ਖਨੌਰੀ ਬਾਰਡਰ 'ਤੇ ਕਿਸਾਨੀ ਅੰਦੋਲਨ ‘ਚ ਸ਼ਿਰਕਤ ਕਰਨ ਜਾ ਰਹੀ ਸੰਗਤ ਦੀ ਬੱਸ ਦੁਰਘਟਨਾਗ੍ਰਸਤ ਹੋ ਗਈ, ਜਿਸ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਸਮੇਤ ਕਈਆਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਆ ਰਹੀ ਹੈ । ਵਾਹਿਗੁਰੂ ਵਿਛੜੀਆਂ ਹੋਈਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰੇ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ । 






ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੈਂ ਪ੍ਰਮਾਤਮਾ ਅੱਗੇ ਜ਼ਖਮੀ ਹੋਏ ਕਿਸਾਨ ਭੈਣ ਭਰਾਵਾਂ ਦੀ ਜਲਦ ਤੰਦਰੁਸਤੀ ਦੀ ਕਾਮਨਾ ਕਰਦੀ ਹਾਂ ਤੇ ਇਸ ਮੁਸੀਬਤ ਦੀ ਘੜੀ ਵਿੱਚ ਆਪਣੇ ਹਲਕਾ ਵਾਸੀਆਂ ਦੇ ਹਰ ਤਰ੍ਹਾਂ ਦੇ ਸਹਿਯੋਗ ਲਈ ਉਹਨਾਂ ਦੇ ਨਾਲ ਖੜ੍ਹੀ ਹਾਂ। ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਵੱਲ ਜਲਦ ਧਿਆਨ ਦੇਣ ਤਾਂ ਜੋ ਕਿਸਾਨੀ ਬਚ ਸਕੇ।



ਜ਼ਿਕਰ ਕਰ ਦਈਏ ਕਿ ਇਹ ਹਾਦਸਾ ਬਰਨਾਲਾ-ਮੋਗਾ ਬਾਈਪਾਸ 'ਤੇ ਬਣੇ ਪੁਲ 'ਤੇ ਵਾਪਰਿਆ। ਇੱਥੇ ਕਿਸਾਨਾਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਵਿੱਚ ਤਿੰਨ ਔਰਤਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਕਿਸਾਨ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਸਾਰਿਆਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵੀ ਲਿਜਾਇਆ ਗਿਆ, ਪਰ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਬਠਿੰਡਾ ਅਤੇ ਪਟਿਆਲਾ ਦੇ ਹਸਪਤਾਲਾਂ ਵਿਚ ਰੈਫਰ ਕਰ ਦਿੱਤਾ ਗਿਆ ਹੈ।


ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾ ਗੁਰੂ ਤੋਂ ਕਿਸਾਨਾਂ ਨਾਲ ਭਰੀ ਬੱਸ ਹਰਿਆਣਾ ਦੇ ਟੋਹਾਣਾ ਵਿੱਚ ਹੋਈ ਕਿਸਾਨਾਂ ਦੀ ਮਹਾਂਪੰਚਾਇਤ ਵਿੱਚ ਜਾ ਰਹੀ ਸੀ। ਇਸ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮੈਂਬਰ ਸਵਾਰ ਸਨ। ਜਦੋਂ ਬੱਸ ਬਰਨਾਲਾ-ਮੋਗਾ ਬਾਈਪਾਸ ’ਤੇ ਪੁਲ ’ਤੇ ਪੁੱਜੀ ਤਾਂ ਸੀਮਿੰਟ ਦੇ ਡਿਵਾਈਡਰ ’ਤੇ ਚੜ੍ਹ ਕੇ ਪਲਟ ਗਈ।