ਦਿੱਲੀ ਤੋਂ ਹਲਵਾਰਾ ਜਾ ਰਹੀ ਏਅਰ ਇੰਡੀਆ ਦੀ ਫਲਾਈਟ AI-481 ਦੇ ਯਾਤਰੀਆਂ ਲਈ ਸ਼ਨੀਵਾਰ ਦਾ ਸਫ਼ਰ ਕਾਫ਼ੀ ਤਣਾਅ ਭਰਿਆ ਰਿਹਾ। ਇੱਕੋ ਯਾਤਰਾ ਦੌਰਾਨ ਫਲਾਈਟ ਨੂੰ ਪਹਿਲਾਂ ਤਕਨੀਕੀ ਖਰਾਬੀ ਅਤੇ ਫਿਰ ਖਰਾਬ ਮੌਸਮ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਦੋਵੇਂ ਸਥਿਤੀਆਂ ਵਿੱਚ ਪਾਇਲਟ ਦੀ ਸੂਝ-ਬੂਝ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਾਰਨ ਸਾਰੇ ਯਾਤਰੀ ਸੁਰੱਖਿਅਤ ਆਪਣੇ ਮੰਜ਼ਿਲ ਤੱਕ ਪਹੁੰਚ ਗਏ।

Continues below advertisement

ਉਡਾਣ ਤੋਂ 15 ਮਿੰਟ ਬਾਅਦ ਤਕਨੀਕੀ ਅਲਰਟ

ਜਾਣਕਾਰੀ ਅਨੁਸਾਰ, ਫਲਾਈਟ ਨੇ ਸਵੇਰੇ 5:55 ਵਜੇ ਦਿੱਲੀ ਤੋਂ ਉਡਾਣ ਭਰੀ ਸੀ। ਕਰੀਬ 15 ਮਿੰਟ ਬਾਅਦ ਜਹਾਜ਼ ਦੇ ਸਿਸਟਮ ਵਿੱਚ ਤਕਨੀਕੀ ਖਰਾਬੀ ਦਾ ਸੰਕੇਤ ਮਿਲਿਆ। ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦੇਂਦਿਆਂ ਪਾਇਲਟ ਨੇ ਤੁਰੰਤ ਜਹਾਜ਼ ਨੂੰ ਵਾਪਸ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਾਰ ਦਿੱਤਾ।

Continues below advertisement

ਇਸ ਤੋਂ ਬਾਅਦ ਏਅਰ ਇੰਡੀਆ ਦੀ ਤਕਨੀਕੀ ਟੀਮ ਨੇ ਜਹਾਜ਼ ਦੀ ਜਾਂਚ ਕੀਤੀ, ਜਦਕਿ ਯਾਤਰੀਆਂ ਨੂੰ ਦੂਜੇ ਜਹਾਜ਼ ਵਿੱਚ ਬਿਠਾ ਕੇ ਸਵੇਰੇ ਕਰੀਬ 9 ਵਜੇ ਮੁੜ ਹਲਵਾਰਾ ਲਈ ਰਵਾਨਾ ਕੀਤਾ ਗਿਆ।

ਖਰਾਬ ਮੌਸਮ ਨੇ ਵਧਾਈ ਚਿੰਤਾ

ਦੂਜੀ ਉਡਾਣ ਦੌਰਾਨ ਜਦੋਂ ਜਹਾਜ਼ ਹਲਵਾਰਾ ਹਵਾਈ ਅੱਡੇ ਦੇ ਨੇੜੇ ਪਹੁੰਚਿਆ ਤਾਂ ਉੱਥੇ ਤੇਜ਼ ਮੀਂਹ, ਆਂਧੀ ਅਤੇ ਝੱਖੜ ਕਾਰਨ ਪਹਿਲੀ ਕੋਸ਼ਿਸ਼ ਵਿੱਚ ਲੈਂਡਿੰਗ ਨਹੀਂ ਹੋ ਸਕੀ। ਪਾਇਲਟ ਨੇ ਕੋਈ ਜੋਖ਼ਮ ਨਾ ਲੈਂਦਿਆਂ ਜਹਾਜ਼ ਨੂੰ ਕੁਝ ਸਮਾਂ ਹਵਾ ਵਿੱਚ ਹੀ ਰੱਖਿਆ ਅਤੇ ਮੌਸਮ ਵਿੱਚ ਸੁਧਾਰ ਦੀ ਉਡੀਕ ਕੀਤੀ।

ਮੌਸਮ ਕੁਝ ਠੀਕ ਹੋਣ ਤੋਂ ਬਾਅਦ ਦੂਜੀ ਕੋਸ਼ਿਸ਼ ਵਿੱਚ ਭਾਰਤੀ ਹਵਾਈ ਫੌਜ ਦੇ ਅਧਿਕਾਰੀਆਂ ਨਾਲ ਤਾਲਮੇਲ ਬਣਾ ਕੇ ਜਹਾਜ਼ ਨੂੰ ਸੁਰੱਖਿਅਤ ਤਰੀਕੇ ਨਾਲ ਹਲਵਾਰਾ ਹਵਾਈ ਅੱਡੇ 'ਤੇ ਉਤਾਰ ਲਿਆ ਗਿਆ।

ਖਰਾਬ ਮੌਸਮ ਨੇ ਵਧਾਈ ਚਿੰਤਾ

ਫਲਾਈਟ ਵਿੱਚ ਸਵਾਰ ਯਾਤਰੀਆਂ ਨੇ ਦੱਸਿਆ ਕਿ ਪਹਿਲਾਂ ਤਕਨੀਕੀ ਖਰਾਬੀ ਅਤੇ ਫਿਰ ਖਰਾਬ ਮੌਸਮ ਕਾਰਨ ਉਹ ਕਾਫ਼ੀ ਡਰੇ ਹੋਏ ਸਨ। ਪਰ ਜਦੋਂ ਜਹਾਜ਼ ਸੁਰੱਖਿਅਤ ਲੈਂਡ ਹੋਇਆ ਤਾਂ ਸਾਰਿਆਂ ਨੇ ਸੁੱਖ ਦਾ ਸਾਹ ਲਿਆ।

ਹਲਵਾਰਾ ਹਵਾਈ ਅੱਡੇ ਦੇ ਡਾਇਰੈਕਟਰ ਜਗੀਰ ਸਿੰਘ ਨੇ ਵੀ ਪੁਸ਼ਟੀ ਕੀਤੀ ਕਿ ਖਰਾਬ ਮੌਸਮ ਦੇ ਬਾਵਜੂਦ ਪਾਇਲਟ ਅਤੇ ਭਾਰਤੀ ਹਵਾਈ ਫੌਜ ਦੇ ਅਧਿਕਾਰੀਆਂ ਦੀ ਮੁਸਤੈਦੀ ਕਾਰਨ ਜਹਾਜ਼ ਸੁਰੱਖਿਅਤ ਉਤਰ ਗਿਆ ਅਤੇ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।