ਪੰਜਾਬ ਨੂੰ ਤਜਰਬੇਕਾਰ ਲੀਡਰਾਂ ਦੀ ਲੋੜ :ਬਾਦਲ
ਏਬੀਪੀ ਸਾਂਝਾ | 24 Aug 2016 12:16 PM (IST)
ਚੰਡੀਗੜ੍ਹ: ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਹਮਦਰਦੀ ਨਹੀਂ ਤੇ ਸਿਰਫ਼ ਸੂਬੇ ਦੀ ਸੱਤਾ ਹਾਸਲ ਕਰਨ ਲਈ ਤਰਲੋਮੱਛੀ ਹੋ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ 'ਚ ਸੰਗਤ ਦਰਸ਼ਨ ਦੌਰਾਨ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਨੇ ਪੰਜਾਬ ਦੇ ਹਿੱਤਾਂ ਲਈ ਕੋਈ ਵੀ ਲੜਾਈ ਨਹੀਂ ਲੜੀ, ਜਦਕਿ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਸ਼ਵਾਣੀ ਦਿੱਲੀ ਰੇਡੀਓ ਤੋਂ ਪੰਜਾਬੀ ਖ਼ਬਰਾਂ ਦਾ ਬੁਲੇਟਿਨ ਮੁੜ ਸ਼ੁਰੂ ਕਰਵਾਉਣ ਲਈ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਜਾਵੇਗੀ। ਬਾਦਲ ਨੇ ਕਿਹਾ ਕਿ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਨੇ ਸਭ ਤੋਂ ਵੱਧ ਵਿਕਾਸ ਕੀਤਾ ਹੈ। ਇਸੇ ਲਈ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਸਾਡੀਆਂ ਪਾਰਟੀਆਂ ਹੀ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਜ਼ਰਬੇ ਵਾਲੀ ਪਾਰਟੀ ਤੇ ਤਜਰਬੇਕਾਰ ਲੀਡਰਾਂ ਦੀ ਲੋੜ ਹੈ ਕਿਉਂਕਿ ਇਹੀ ਲੋਕ ਪੰਜਾਬ ਨੂੰ ਸੰਕਟ 'ਚੋਂ ਕੱਢ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇ ਇਸ ਵਾਰ ਫੇਰ ਸਾਡੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ 'ਚ ਹੋਰ ਵੀ ਜ਼ਿਆਦਾ ਵਿਕਾਸ ਹੋਵੇਗਾ।