ਖੰਨਾ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜਕਲ੍ਹ ਆਪਣੇ ਪੁੱਤਰ ਤੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾ ਰਹਾ ਬਿਆਨਬਾਜ਼ੀ 'ਤੇ ਟਿੱਪਣੀ ਕਰਨ ਤੋਂ ਬਚ ਰਹੇ ਹਨ। ਹਾਲ ਹੀ ਵਿੱਚ ਸੁਖਬੀਰ ਬਾਦਲ ਵੱਲੋਂ 'ਆਪ' ਦੇ ਖਾਲਿਸਤਾਨੀ ਸਮਰਥਕਾਂ ਨਾਲ ਸਬੰਧਾਂ ਬਾਰੇ ਇੱਕ ਬਿਆਨ ਦਿੱਤਾ ਗਿਆ ਸੀ। ਇਸ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਸੁਖਬੀਰ ਨੂੰ ਇਹ ਇਲਜ਼ਾਮ ਸਾਬਤ ਕਰਨ ਚਾਹੀਦੇ ਹਨ।           ਇਸ ਸਭ ਬਾਰੇ ਜਦੋਂ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਹਮੇਸ਼ਾ ਦੀ ਤਰ੍ਹਾਂ ਹੀ ਕਿਹਾ ਕਿ ਸਾਬਤ ਕਰਨ ਦੀ ਲੋੜ ਨਹੀਂ ਕਿਉਂਕਿ ਲੋਕ ਸਭ ਜਾਣਦੇ ਹਨ ਤੇ ਇਨ੍ਹਾਂ ਕਹਿ ਕੇ ਹੀ ਮੁੱਖ ਮੰਤਰੀ ਨੇ ਇਸ 'ਤੇ ਚੁੱਪੀ ਵੱਟ ਲਈ। ਇਸ ਤੋਂ ਪਹਿਲਾਂ ਵੀ ਬਾਦਲ ਪਿਓ-ਪੁੱਤ ਦੇ ਵਿਚਾਰਾਂ ਵਿੱਚ ਵੱਖਰੇਵਾਂ ਨਜ਼ਰ ਆਇਆ ਸੀ। ਸੁਖਬੀਰ ਨੇ ਕਿਹਾ ਸੀ ਕਿ ਵਿਦੇਸ਼ੀ ਤਾਕਤਾਂ ਪੰਜਾਬ ਦਾ ਮਾਹੌਲ ਵਿਗਾੜ ਰਹੀਆਂ ਹਨ ਪਰ ਮੁੱਖ ਮੰਤਰੀ ਬਾਦਲ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੇ ਕੋਈ ਸਬੂਤ ਨਹੀਂ ਹਨ।         ਦਰਅਸਲ ਮੁੱਖ ਮੰਤਰੀ ਖੰਨਾ ਵਿਧਾਨ ਸਭਾ ਹਲਕੇ ਵਿੱਚ ਸੰਗਤ ਦਰਸ਼ਨ ਕਰਨ ਦੇ ਲਈ ਆਏ ਸਨ। ਇਸ ਦੌਰਾਨ ਹੀ ਜਦੋਂ ਉਹ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਬਣਾਏ ਰੱਖਣ ਕਿਉਂਕਿ ਜੋ ਲੋਕ ਵੋਟਾਂ ਦੇ ਲਈ ਲੋਕਾਂ ਨਾਲ ਸਬੰਧ ਬਣਾਉਂਦੇ ਹਨ, ਉਹ ਭਾਈਚਾਰਕ ਸਾਂਝ ਨਹੀਂ ਚਾਹੁੰਦੇ।