Sukhbir Singh Badal Apology:ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁਖ ਮੰਗੀ ਗਈ “ਮੁਆਫ਼ੀ” ਨੂੰ ਸਿਆਸੀ ਡਰਾਮੇਬਾਜ਼ੀ ਦਸਦਿਆਂ ਕਿਹਾ ਹੈ ਕਿ ਸਿੱਖ ਪੰਥ ਬਾਦਲ ਪਰਿਵਾਰ ਨੂੰ ਪੰਥਕ ਸਿਧਾਂਤਾਂ, ਪ੍ਰੰਪਰਾਵਾਂ ਅਤੇ ਸੰਸਥਾਵਾਂ ਦੇ ਕੀਤੇ ਘਾਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਰਗੇ ਗਏ ਬਜਰ ਗੁਨਾਹਾਂ ਲਈ ਕਦੇ ਵੀ ਮੁਆਫ਼ ਨਹੀਂ ਕਰੇਗਾ। 

 

ਬਾਜਵਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਅੱਜ ਮੁਆਫ਼ੀ ਦਾ ਢੌਂਗ ਇਸ ਲਈ ਕਰਨਾ ਪਿਆ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨਾਲ ਮੁੜ ਤੋਂ ਸਿਆਸੀ ਗਠਜੋੜ ਕਰਨ ਲਈ ਇਹ ਸ਼ਰਤ ਰੱਖੀ ਸੀ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਆ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨਾਲ ਕਿਸੇ ਵੀ ਸ਼ਰਤ ਉਤੇ ਮੁੜ ਗਠਜੋੜ ਕਰਨ ਲਈ ਬੜੇ ਚਿਰਾਂ ਤੋਂ ਤਹੂ ਹੈ ਇਸ ਲਈ ਉਸ ਨੇ ਇਹ ਸ਼ਰਤ ਮੰਨੀ ਹੈ। ਉਹਨਾਂ ਹੋਰ ਕਿਹਾ, “ਅੱਜ ਦੀ ਇਹ ਕਾਰਵਾਈ ਛੇਤੀ  ਹੋ ਰਹੇ ਅਕਾਲੀ-ਭਾਜਪਾ ਗਠਜੋੜ ਦੀ ਪਹਿਲੀ ਕੜੀ ਹੈ। ਇਸ ਤੋਂ ਬਾਅਦ ਅਕਾਲੀ ਦਲ ਤੋਂ ਵੱਖ ਹੋਏ ਆਗੂ ਮੁੜ ਆਪਣੀ ਪੁਰਾਣੀ ਪਾਰਟੀ ਵਿਚ ਸ਼ਾਮਲ ਹੋਣਗੇ ਅਤੇ ਅੰਤ ਵਿਚ ਅਕਾਲੀ-ਭਾਜਪਾ ਗਠਜੋੜ ਹੋਵੇਗਾ।” 

 

ਕਾਂਗਰਸੀ ਆਗੂ ਨੇ ਕਿਹਾ ਕਿ ਬਾਦਲ ਪਰਿਵਾਰ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਲਈ ਹੀ ਜ਼ਿਮੇਂਵਾਰ ਨਹੀਂ ਹੈ ਬਲਕਿ ਇਹਨਾਂ ਨੇ 2014 ਵਿਚ ਹਰਸਿਮਰਤ ਕੌਰ ਬਾਦਲ ਨੂੰ ਲੋਕ ਸਭਾ ਚੋਣ ਜਿਤਾਉਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਭੇਸ ਧਾਰਨ ਵਾਲੇ ਰਾਮ ਰਹੀਮ ਨਾਲ ਕੀਤੇ ਸਮਝੌਤੇ ਤਹਿਤ ਉਸ ਵਿਰੁੱਧ ਚਲਦਾ ਇਹ ਕੇਸ 2012 ਦੀ ਵਿਧਾਨ ਸਭਾ ਚੋਣ ਤੋਂ ਪੰਜ ਦਿਨ ਪਹਿਲਾਂ ਵਾਪਸ ਲੈ ਕੇ ਬਜਰ ਗੁਨਾਹ ਕੀਤਾ ਸੀ। ਉਹਨਾਂ ਕਿਹਾ ਕਿ ਫਿਰ ਦੂਜਾ ਗੁਨਾਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਪੰਜ ਸਿੰਘ ਸਾਹਿਬਾਨ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਉਤੇ ਤਲਬ ਕਰ ਕੇ ਉਹਨਾਂ ਨੂੰ ਰਾਮ ਰਹੀਮ ਨੂੰ ਮੁਆਫ਼ ਕਰਨ ਦੇ ਆਦੇਸ਼ ਦੇ ਕੇ ਕੀਤਾ। 

 

ਬਾਜਵਾ ਨੇ ਕਿਹਾ ਕਿ ਬਰਗਾੜੀ ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਹਿਰਦੇਵੇਧਕ ਘਟਨਾ ਨਹੀਂ ਸੀ ਹੋ ਸਕਦੀ ਜੇ ਬਾਦਲ ਸਰਕਾਰ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਸਰੂਪ ਨੂੰ ਲੱਭਣ ਲਈ ਸੁਹਿਰਦ ਹੁੰਦੀ। ਉਹਨਾਂ ਕਿਹਾ ਕਿ ਬਾਦਲ ਸਰਕਾਰ ਦੇ ਕੰਨਾਂ ਉਤੇ ਤਾਂ ਉਸ ਵੇਲੇ ਜੂੰਅ ਨਹੀਂ ਸੀ ਸਰਕੀ ਜਦੋਂ ਰਾਮ ਰਹੀਮ ਦੇ ਪੈਰੋਕਾਰਾਂ ਨੇ ਬਰਗਾੜੀ ਵਿਚ ਇਸ਼ਤਿਹਾਰ ਲਾ ਕੇ ਕਹਿ ਦਿੱਤਾ ਸੀ ਕਿ ਸਰੂਪ ਉਹਨਾਂ ਕੋਲ ਹੈ ਅਤੇ ਉਹ ਇਸ ਦੀ ਬੇਅਦਬੀ ਕਰਨਗੇ।

 

ਕਾਂਗਰਸੀ ਆਗੂ ਨੇ ਕਿਹਾ ਕਿ ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰਨ ਵਾਲੀਆਂ ਸ਼ੰਗਤਾਂ ਉਤੇ ਗੋਲੀ ਚਲਾਉਣ ਦਾ ਹੁਕਮ ਦੇ ਕੇ ਬਾਦਲ ਸਰਕਾਰ ਨੇ ਅਗਲਾ ਗੁਨਾਹ ਕੀਤਾ ਸੀ। ਉਹਨਾਂ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਅਤੇ ਸਿਖ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਵਿਚ ਮਾਰਨ ਦੇ ਗ੍ਰੋਹ ਦਾ ਸਰਗਨੇ ਸੁਮੇਧ ਸੈਣੀ ਨੂੰ ਡੀ.ਜੀ.ਪੀ. ਲਾਉਣਾ ਅਜਿਹੇ ਗੁਨਾਹ ਹਨ ਜਿਨ੍ਹਾਂ ਲਈ ਬਾਦਲ ਪਰਾਵਰ ਸਿੱਖ ਕਦੇ ਵੀ ਮੁਆਫ਼ ਨਹੀਂ ਕਰਨਗੇ। 

 

ਕਾਂਗਰਸੀ ਆਗੂ ਨੇ ਕਿਹਾ ਕਿ ਜਿਸ ਤਰਾਂ ਬਾਦਲ ਪਰਿਵਾਰ ਨੇ ਇਹ ਸਾਰੇ ਬਜਰ ਗੁਨਾਹ ਸਿਰਫ਼ ਆਪਣੇ ਸੌੜੇ ਸਿਆਸੀ ਹਿੱਤਾਂ ਅਤੇ ਨਿੱਜੀ ਗਰਜਾਂ ਦੀ ਪੂਰਤੀ ਲਈ ਕੀਤੇ ਹਨ ਉਸੇ ਤਰਾਂ ਸੁਖਬੀਰ ਸਿੰਘ ਬਾਦਲ ਹੁਣ ਫਿਰ ਉਸ ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਗਠਜੋੜ ਕਰ ਰਿਹਾ ਹੈ ਜਿਹੜੀ ਸੈਂਕੜੇ ਪੰਜਾਬੀ ਕਿਸਾਨਾਂ ਦੀਆਂ ਸਹੀਦੀਆਂ ਲਈ ਜ਼ਿਮੇਂਵਾਰ ਹੈ ਜਿਹੜੀਆਂ ਉਹਨਾਂ ਨੂੰ ਕਿਸਾਨੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਾਉਣ ਲਈ ਦੇਣੀਆਂ ਪਈਆਂ ਸਨ। 

 

ਬਾਜਵਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਇਹ ਭੁਲੇਖਾ ਹੈ ਕਿ ਝੂਠੀ-ਮੂਠੀ ਮੁਆਫ਼ੀ ਦੇ ਨਾਟਕਾਂ ਨਾਲ ਲੋਕ ਉਹਨਾਂ ਦੇ ਗੁਨਾਹ ਮੁਆਫ਼ ਕਰ ਦੇਣਗੇ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅਣਖੀ ਤੇ ਗੈਰਤਮੰਦ ਹਨ ਜਿਹੜੇ ਪਹਿਲਾਂ ਦੀ ਤਰਾਂ ਅਗਲੀਆਂ ਚੋਣਾਂ ਵਿਚ ਵੀ ਉਸ ਨੂੰ ਕਰਾਰਾ ਸਬਕ ਸਿਖਾਉਣਗੇ।