ਸ਼ੰਕਰ ਬਦਰਾ ਦੀ ਰਿਪੋਰਟ
ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਪਿੰਡ ਬਦਰਾ 'ਚ ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਦਰਾ ਤੋਂ ਭੈਣੀ ਫੱਤਾ ਨੂੰ ਜਾਂਦੀ ਸੜਕ ਨੇ ਛੱਪੜ ਦਾ ਰੂਪ ਧਾਰਨ ਕੀਤਾ ਹੋਇਆ ਹੈ। ਜਿਸ ਕਾਰਨ ਪੈਦਲ ਰਾਹਗੀਰਾਂ ਦਾ ਲੰਘਣਾ ਔਖਾ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਫ਼ੌਜੀ , ਜਸਬੀਰ ਸਿੰਘ ਪੰਚ ,ਅਰਸ਼ਪ੍ਰੀਤ ਭੁੱਲਰ , ਰਾਮਪਾਲ ਸਿੰਘ ,ਨਾਜ਼ਮ ਸਿੰਘ ਨੰਬਰਦਾਰ ,ਕਲੱਬ ਪ੍ਰਧਾਨ ਸਤਨਾਮ ਸਿੰਘ , ਡਾ. ਜਸਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਚਹਿਲ ਪੱਤੀ ਵਾਲੇ ਛੱਪੜ ਦਾ ਪਾਣੀ ਓਵਰਫਲੋਅ ਹੋ ਕੇ ਬਦਰਾ ਤੋਂ ਭੈਣੀ ਫੱਤਾ ਨੂੰ ਜਾਂਦੀ ਲਿੰਕ ਸੜਕ 'ਤੇ ਖੜ੍ਹਾ ਹੈ।
ਜਿਸ ਕਾਰਨ ਸੜਕ ਟੁੱਟ ਚੁੱਕੀ ਹੈ ਤੇ ਸੜਕ 'ਤੇ ਕਿਲੋਮੀਟਰ ਦੂਰ ਤੱਕ ਛੱਪੜ ਦਾ ਪਾਣੀ ਖੜ੍ਹਨ ਕਰਕੇ ਆਵਾਜਾਈ 'ਚ ਵਿਘਨ ਪੈ ਰਿਹਾ ਹੈ। ਸਕੂਲ ਜਾਣ ਵਾਲੇ ਵਿਦਿਆਰਥੀਆਂ ਅਤੇ ਰਾਹਗੀਰਾਂ ਨੂੰ ਆਉਣ - ਜਾਣ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਕਈ ਵਿਦਿਆਰਥੀਆਂ ਤੇ ਰਾਹਗੀਰਾ ਨੂੰ ਪਾਣੀ ਵਿੱਚ ਡਿੱਗਣ ਕਾਰਨ ਸੱਟਾਂ ਵੀ ਲੱਗ ਚੁੱਕੀਆਂ ਹਨ। ਛੱਪੜ ਦਾ ਪਾਣੀ ਸੜਕ 'ਤੇ ਖੜ੍ਹਨ ਕਾਰਨ ਖਾਸਕਰ ਦਲਿਤ ਬਸਤੀ ਦੇ ਲੋਕ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ,ਕਿਉਂਕਿ ਛੋਟੇ ਬੱਚਿਆਂ ਨੂੰ ਸਕੂਲ ਜਾਣ -ਆਉਣ 'ਚ ਬਹੁਤ ਦਿੱਕਤ ਆਉਂਦੀ ਹੈ।
ਸਰਕਾਰ ਵੱਲੋਂ ਜਾਰੀ ਫੰਡ ਨਾਲ ਪਿੰਡ ਬਦਰਾ ਦੀ ਪੰਚਾਇਤ ਵੱਲੋਂ ਗੰਦੇ ਪਾਣੀ ਦੇ ਨਿਕਾਸ ਲਈ ਪਾਈਪ ਲਾਈਨ ਪਾਈ ਜਾਰੀ ਹੈ ਪਰ ਕੁੱਝ ਘਰਾਂ ਵੱਲੋਂ ਇਸ ਪਾਈਪ ਲਾਈਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਹ ਪਾਈਪ ਲਾਈਨ ਲੋੜਵੰਦ ਕਿਸਾਨਾਂ ਵੱਲੋਂ ਪਾਣੀ ਦੀ ਵਰਤੋਂ ਲਈ ਆਪਣੇ ਨਿੱਜੀ ਖ਼ੇਤਾਂ ਵਿਚ ਲਿਜਾਇਆ ਜਾ ਰਿਹਾ ਹੈ। ਜਿਸ ਦੇ ਲਈ ਇਨ੍ਹਾਂ ਕਿਸਾਨਾਂ ਨੇ ਬਕਾਇਦਾ ਡੀਸੀ ਤੋਂ ਮਨਜ਼ੂਰੀ ਲਈ ਹੋਈ ਹੈ ਕਿ ਇਸ ਪਾਣੀ ਨੂੰ ਅਸੀਂ ਆਪਣੀਆਂ ਨਿੱਜੀ ਜ਼ਮੀਨਾਂ ਵਿੱਚ ਵਰਤੋਂ ਕਰ ਰਹੇ ਹਾਂ।
ਪੰਚਾਇਤ ਦਾ ਕਹਿਣਾ ਹੈ ਕਿ ਜੋ ਘਰ ਇਸ ਪਾਈਪ ਲਾਈਨ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਦੀਆਂ ਜ਼ਮੀਨਾਂ ਵਿੱਚ ਇਹ ਪਾਣੀ ਨਹੀਂ ਪਾਇਆ ਜਾ ਰਿਹਾ ਅਤੇ ਨਾ ਹੀ ਉਨ੍ਹਾਂ ਦੇ ਘਰਾਂ ਅੱਗੇ ਕਿਸੇ ਤਰ੍ਹਾਂ ਦਾ ਮੋਘਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਇਹ ਪਾਣੀ ਖੇਤਾਂ 'ਚ ਕੱਢਣ ਦੀ ਆਗਿਆ ਦਿੱਤੀ ਜਾਵੇ। ਇਸ ਮੌਕੇ 'ਤੇ ਪੰਚ ਜਸਵੀਰ ਸਿੰਘ , ਸੁਖਚੈਨ ਸਿੰਘ ਨੰਬਰਦਾਰ , ਤਰਸੇਮ ਸਿੰਘ ,ਮਾਣਕ ਸਿੰਘ ,ਭਿੰਦਰ ਸਿੰਘ ,ਮੇਵਾ ਸਿੰਘ ,ਨਰੰਜਣ ਸਿੰਘ , ਗੁਲਾਬ ਸਿੰਘ ਚਹਿਲ ,ਮਨਪ੍ਰੀਤ ਸਿੰਘ ,ਰਾਜਾ ਸਿੰਘ ਕੁਲਾਰ , ਜਗਸੀਰ ਸਿੰਘ ਕੁਲਾਰ ਹਾਜ਼ਰ ਸਨ।