ਚੰਡੀਗੜ੍ਹ: ਕੈਪਟਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਆਪਣੇ ਹੀ ਸਵਾਲ ਉਠਾਉਣ ਲੱਗੇ ਹਨ। ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅਦਾਲਤਾਂ 'ਚ ਕਈ ਅਹਿਮ ਕੇਸ ਹਾਰਨ ਕਰਕੇ ਐਡਵੋਕੇਟ ਜਨਰਲ ਅਤੁੱਲ ਨੰਦਾ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਅਤੁੱਲ ਨੰਦਾ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਸਰਕਾਰ ਨੇ ਸਾਰੇ ਕੇਸ ਹਾਰਨੇ ਹੀ ਹਨ ਤਾਂ ਫਿਰ ਐਡਵੋਕੇਟ ਜਨਰਲ ਦਾ ਖਰਚ ਚੁੱਕਣ ਦੀ ਕੀ ਲੋੜ ਹੈ।


ਜਾਖੜ ਮਗਰੋਂ ਬਾਜਵਾ ਨੇ ਕੈਪਟਨ ਨੂੰ ਚਿੱਠੀ ਲਿਖ ਕੇ ਅਤੁੱਲ ਨੰਦੀ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਬਾਜਵਾ ਨੇ ਕੈਪਟਨ ਦੇ ਖਾਸ-ਮ-ਖਾਸ ਨੰਦਾ ਦੀ ਯੋਗਤਾ 'ਤੇ ਵੀ ਸਵਾਲ ਉੱਠਾਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹਾਈਕੋਰਟ ਵਿੱਚ ਹਰ ਵੱਡੇ ਮਾਮਲੇ 'ਤੇ ਫੇਲ੍ਹ ਹੋਈ ਹੈ। ਦਰਅਸਲ ਅੱਜ ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ (ਕੈਟ) ਵੱਲੋਂ ਡੀਜੀਪੀ ਦਿਨਕਰ ਗੁਪਤਾ ਖਿਲਾਫ ਪਟੀਸ਼ਨਾਂ ਸਵੀਕਾਰ ਕਰਨ ਮਗਰੋਂ ਬਾਜਵਾ ਨੇ ਅਤੁੱਲ ਨੰਦਾ ਵਿਰੁੱਧ ਆਵਾਜ਼ ਉਠਾਈ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਬੇਅਦਬੀ ਮਾਮਲੇ ਤੇ ਡਰੱਗਸ ਮਾਮਲਿਆਂ 'ਤੇ ਸਰਕਾਰ ਨੂੰ ਮੂੰਹ ਦਾ ਖਾਣੀ ਪਈ ਤੇ ਹੁਣ ਡੀਜੀਪੀ ਦੀ ਨਿਯੁਕਤੀ 'ਤੇ ਝਟਕਾ ਲੱਗਾ ਹੈ। ਇਸ ਸਭ ਲਈ ਐਡਵੋਕੇਟ ਜਨਰਲ ਜ਼ਿੰਮੇਵਾਰ ਹੈ। ਉਹ ਸਹੀ ਤਰੀਕੇ ਨਾਲ ਪੈਰਵਾਈ ਹੀ ਨਹੀਂ ਕਰ ਸਕੇ।