ਰੌਬਟ ਦੀ ਰਿਪੋਰਟ



ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਚੰਨੀ ਦੀ ਨਵੀਂ ਕੈਬਨਿਟ ਦਾ ਚਿਹਰਾ ਸਾਫ ਹੋ ਗਿਆ ਹੈ। ਨਵੀਂ ਕੈਬਨਿਟ ਅੱਜ ਸ਼ਾਮ ਸਾਢੇ ਚਾਰ ਵਜੇ ਸਹੁੰ ਚੁੱਕੇਗੀ। ਇਸ ਨਵੀਂ ਕੈਬਨਿਟ ਵਿੱਚ ਕਈ ਨਵੇਂ ਚਿਹਰੇ ਵੇਖਣ ਨੂੰ ਮਿਲਣਗੇ। ਕੈਪਟਨ ਸਰਕਾਰ 'ਚ ਰਹੇ ਕਈ ਮੰਤਰੀਆਂ ਨੂੰ ਨਵੀਂ ਕੈਬਨਿਟ ਵਿੱਚੋਂ ਬਾਹਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਸਿਹਤ ਮੰਤਰੀ ਰਹੇ ਬਲਬਰੀ ਸਿੱਧੂ ਵੀ ਸ਼ਾਮਲ ਹਨ।



ਬਲਬੀਰ ਸਿੱਧੂ ਨੇ ਅੱਜ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੌਰਾਨ ਭਾਵੁਕ ਹੋ ਕੇ ਹਾਈਕਮਾਨ ਨੂੰ ਪੁੱਛਿਆ, "ਮੇਰਾ ਕਸੂਰ ਕੀ ਸੀ ਜੋ ਮੈਨੂੰ ਬਾਹਰ ਕਰ ਦਿੱਤਾ ਗਿਆ? ਮੈਨੂੰ ਉਦੋਂ ਕਹਿ ਦਿੰਦੇ ਤਾਂ ਮੈਂ ਅਸਤੀਫਾ ਦੇ ਦਿੰਦਾ ਪਰ ਇਸ ਤਰ੍ਹਾਂ ਬਾਹਰ ਕਰਨਾ ਠੀਕ ਨਹੀਂ। ਕਾਂਗਰਸ ਪਾਰਟੀ ਵਿੱਚ ਸਾਡੀ ਤੀਜੀ ਪੀੜ੍ਹੀ ਹੈ।"



ਬਲਬੀਰ ਸਿੱਧੂ ਨੇ ਕਿਹਾ, "ਅਸੀਂ ਹਾਈਕਮਾਨ ਦਾ ਹਰ ਫੈਸਲਾ ਮੰਨਿਆ। ਮੈਂ ਹਾਈਕਮਾਨ ਨੂੰ ਚਿੱਠੀ ਵੀ ਲਿਖੀ ਹੈ। ਇਸ ਦੀ ਇੱਕ ਕਾਪੀ ਰਾਹੁਲ ਗਾਂਧੀ, ਪ੍ਰਿੰਯਕਾ ਗਾਂਧੀ ਤੇ ਕੇਸੀ ਵੈਣੂਗੋਪਾਲ ਨੂੰ ਵੀ ਭੇਜੀ ਗਈ ਹੈ।"

ਇਸ ਦੌਰਾਨ ਗੁਰਪ੍ਰੀਤ ਕਾਂਗੜ ਵੀ ਮੌਜੂਦ ਸੀ। ਦੋਨਾਂ ਮੰਤਰੀਆਂ ਨੇ ਨਵੀਂ ਕੈਬਨਿਟ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਪਾਰਟੀ ਹਾਈਕਮਾਨ ਨੂੰ ਸਵਾਲ ਕੀਤਾ ਹੈ ਕਿ ਉਨ੍ਹਾਂ ਦਾ ਕਸੂਰ ਕੀ ਸੀ? ਭਾਵੁਕ ਹੋਏ ਬਲਬੀਰ ਸਿੱਧੂ ਨੇ ਕਿਹਾ, "ਮੈਂ ਕੋਰੋਨਾ ਕਾਲ ਵਿੱਚ ਇੰਨਾ ਕੰਮ ਕੀਤਾ ਕਿ ਪ੍ਰਧਾਨ ਮਤੰਰੀ ਤਕ ਨੇ ਸਾਡੇ ਕੰਮ ਦੀ ਪ੍ਰਸ਼ੰਸਾ ਕੀਤੀ, ਫੇਰ ਸਾਨੂੰ ਕਿਸ ਗੱਲ ਦੀ ਸਜ਼ਾ ਦਿੱਤੀ ਗਈ।"

ਅੱਜ ਚੰਨੀ ਕੈਬਨਿਟ ਨੇ ਸਹੁੰ ਚੁੱਕਣੀ ਹੈ ਪਰ ਉਸ ਤੋਂ ਪਹਿਲਾ ਬਲਬੀਰ ਸਿੱਧੂ ਤੇ ਗੁਰਪ੍ਰੀਤ ਕਾਂਗੜ ਦੇ ਬਿਆਨਾਂ ਨੇ ਇੱਕ ਵੱਡਾ ਸਵਾਲ ਇਹ ਖੜ੍ਹਾ ਕਰ ਦਿੱਤਾ ਹੈ ਕਿ ਕੀ ਹੁਣ ਕਾਂਗਰਸ ਅੰਦਰ ਇੱਕ ਹੋਰ ਬਗਾਵਤ ਹੋਏਗੀ?