ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਮੋਹਾਲੀ ਵਿਧਾਨ ਸਭਾ ਹਲਕੇ ਵਿਚ ਸਿਆਸੀ ਬਦਲਾਖੋਰੀ ਦੀ ਮੰਦਭਾਵਨਾ ਤਹਿਤ ਰਾਜਸੀ ਵਿਰੋਧੀਆਂ ਵਿਰੁੱਧ ਕਰਵਾਏ ਜਾ ਰਹੇ ਝੂਠੇ ਪਰਚਿਆਂ ਦੀ ਕੋਝੀ ਕਾਰਵਾਈ ਤੁਰੰਤ ਬੰਦ ਕੀਤੀ ਜਾਵੇ।ਉਹਨਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਇੱਕ ਪੱਤਰ ਰਾਹੀਂ ਹਲਕੇ ਵਿਚ ਉਹਨਾਂ ਦੇ ਹਿਮਾਇਤੀਆਂ ਵਿਰੁਧ ਪੁਲੀਸ ਵਲੋਂ ਸਿਆਸੀ ਦਬਾਅ ਵਿਚ ਆ ਕੇ ਦਰਜ ਕੀਤੇ ਜਾ ਰਹੇ ਪਰਚਿਆਂ ਸਬੰਧੀ ਜਾਣਕਾਰੀ ਦਿੱਤੀ।


ਸਿੱਧੂ ਨੇ ਆਪਣੇ ਪੱਤਰ ਵਿਚ ਮੁੱਖ ਮੰਤਰੀ ਨੂੰ ਕਿਹਾ, “ਤੁਸੀਂ ਵਾਰ ਵਾਰ ਮੀਡੀਆ ਰਾਹੀਂ ਇਹ ਬਿਆਨ ਦਿੰਦੇ ਆ ਰਹੇ ਹੋ ਕਿ ਤੁਹਾਡੀ ਸਰਕਾਰ ਸਿਆਸੀ ਬਦਲਾਖੋਰੀ ਵਿਚ ਵਿਸ਼ਵਾਸ਼ ਨਹੀਂ ਰੱਖਦੀ, ਇਸ ਲਈ ਕਿਸੇ ਨਾਲ ਵੀ ਸਿਆਸੀ ਅਧਾਰ ਉਤੇ ਕਿਸੇ ਨਾਲ ਕੋਈ ਜ਼ਿਆਦਤੀ ਨਹੀਂ ਹੋਵੇਗੀ ਅਤੇ ਨਾ ਹੀ ਕਿਸੇ ਵਿਰੁੱਧ ਝੂਠਾ ਪਰਚਾ ਦਰਜ ਹੋਵੇਗਾ।ਕਹਿਣ ਅਤੇ ਸੁਣਨ ਅਤੇ ਪ੍ਰਾਪੇਗੰਡੇ ਦੇ ਪੱਧਰ ਉਤੇ ਇਹ ਗੱਲ ਬਹੁਤ ਹੀ ਚੰਗੀ ਲਗਦੀ ਹੈ।ਪਰ ਸਚਾਈ ਇਸ ਤੋਂ ਬਿਲਕੁਲ ਹੀ ਉਲਟ ਹੈ।”


ਉਹਨਾਂ ਕਿਹਾ, “ਹਲਕਾ ਵਿਧਾਨ ਸਭਾ ਮੋਹਾਲੀ ਵਿਚ ਤੁਹਾਡੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੀ ਸ਼ਹਿ ਉਤੇ ਪੁਲੀਸ ਵਲੋਂ ਮੇਰੇ ਨਾਲ ਸਿਆਸੀ ਸਬੰਧ ਰੱਖਣ ਵਾਲੇ ਪੰਚਾਂ, ਸਰਪੰਚਾਂ ਅਤੇ ਮੇਰੀ ਪਾਰਟੀ ਦੇ ਵਰਕਰਾਂ ਵਿਰੁੱਧ ਧੜਾ ਧੜ ਝੂਠੇ ਪਰਚੇ ਕੀਤੇ ਜਾ ਰਹੇ ਹਨ।ਉਨਾਂ ਦੀ ਕਿਸੇ ਵੀ ਪੱਧਰ ਉੱਤੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ।ਇਸ ਲਈ ਮਜ਼ਬੂਰ ਹੋ ਕੇ ਮੈਨੂੰ ਤੁਹਾਨੂੰ ਇਹ ਪੱਤਰ ਲਿਖਣਾ ਪੈ ਰਿਹਾ ਹੈ।”


ਸਿੱਧੂ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਵਿਧਾਨ ਸਭਾ ਹਲਕਾ ਮੋਹਾਲੀ ਦੇ ਵੱਖ ਥਾਣਿਆਂ ਵਿਚ ਜਿਹੜੇ ਵਿਅਕਤੀਆਂ ਵਿਰੁੱਧ ਝੂਠੇ ਪਰਚੇ ਦਰਜ ਕਰਵਾਏ ਗਏ ਹਨ, ਉਹਨਾਂ ਵਿਚ ਦਵਿੰਦਰ ਸਿੰਘ, ਸਰਪੰਚ, ਪਿੰਡ ਕੁਰੜਾ; ਮਨਫੂਲ ਸਿੰਘ, ਸਰਪੰਚ, ਪਿੰਡ ਬੜੀ; ਰਮਨਦੀਪ ਸਿੰਘ, ਸਰਪੰਚ, ਪਿੰਡ ਸ਼ਫੀਪੁਰ; ਹਰਜੀਤ ਸਿੰਘ, ਸਰਪੰਚ, ਰੁੜਕਾ; ਰਾਜਵੀਰ ਕੌਰ, ਸਰਪੰਚ, ਚੱਪੜਚਿੱੜੀ ਅਤੇ ਗੁਰਦੀਪ ਸਿੰਘ, ਸਰਪੰਚ, ਦੈੜੀ ਸ਼ਾਮਲ ਹਨ।ਉਹਨਾਂ ਦਸਿਆ ਕਿ ਮੋਹਨ ਸਿੰਘ, ਸਰਪੰਚ, ਪਿੰਡ ਰਾਇਪੁਰ ਦਾਊਂ ਸਮੇਤ ਦੋ ਔਰਤ ਪੰਚ, ਮਹਿੰਦਰ ਸਿੰਘ ਤੇ ਕਮਲਪ੍ਰੀਤ  ਸਿੰਘ, ਪਿੰਡ ਤੰਗੋਰੀ;  ਬਚਨ ਸਿੰਘ, ਪੰਚ, ਪਿੰਡ ਪਾਪੜੀ ਅਤੇ ਮੋਹਨ ਸਿੰਘ, ਠੇਕੇਦਾਰ, ਪਿੰਡ ਬਠਲਾਣਾ ਵਿਰੁੱਧ ਵੀ ਝੂਠੇ ਪਰਚੇ ਦਰਜ ਕਰਵਾਏ ਗਏ ਹਨ।


ਉਹਨਾਂ ਮੁੱਖ ਮੰਤਰੀ ਨੂੰ ਦਸਿਆ ਕਿ ਸਿਆਸੀ ਬਦਲਾਖੋਰੀ ਦੀ ਮੰਦਭਾਵਨਾ ਨਾਲ ਕਰਵਾਏ ਜਾ ਰਹੇ ਇਹਨਾਂ ਝੂਠੇ ਪਰਚਿਆਂ ਵਿਚ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ।


ਸਿੱਧੂ ਨੇ ਮੰਗ ਕੀਤੀ ਕਿ ਸਿਆਸੀ ਬਦਲਾਖੋਰੀ ਤਹਿਤ ਦਰਜ ਕਰਵਾਏ ਗਏ ਇਹਨਾਂ ਪਰਚਿਆਂ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਇਸ ਮਾਮਲੇ ਦੀ ਉੱਚ ਪੱਧਰ ਜਾਂਚ ਕਰਵਾ ਕੇ ਸਬੰਧਤ ਪੁਲੀਸ ਅਧਿਕਾਰੀਆਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ।ਇਸ ਤੋਂ ਬਿਨਾਂ ਮੋਹਾਲੀ ਹਲਕੇ ਤੋਂ ਤੁਹਾਡੀ ਪਾਰਟੀ ਦੇ ਵਿਧਾਇਕ ਨੂੰ ਸਿਆਸੀ ਬਦਲਾਖੋਰੀ ਤਹਿਤ ਝੂਠੇ ਪਰਚੇ ਦਰਜ ਕਰਵਾਉਣ ਤੋਂ ਸਖ਼ਤੀ ਨਾਲ ਵਰਜਿਆ ਜਾਵੇ।ੳਹਨਾਂ ਚਿਤਾਵਨੀ ਦਿੱਤੀ ਕਿ ਜੇ ਸਿਆਸੀ ਬਦਲਾਖੋਰੀ ਦੀ ਇਹ ਮੁਹਿੰਮ ਨਾ ਰੁਕੀ ਤਾਂ ਇਲਾਕੇ ਦਾ ਮਾਹੌਲ ਖਰਾਬ ਹੋ ਸਕਦਾ ਹੈ ਜਿਸ ਦੀ ਜ਼ਿਮੇਂਵਾਰੀ ਹਲਕਾ ਵਿਧਾਇਕ ਅਤੇ ਸਥਾਨਕ ਪੁਲੀਸ ਅਧਿਕਾਰੀਆਂ ਦੀ ਹੋਵੇਗੀ।