ਚੰਡੀਗੜ੍ਹ: ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ‘ਸੂਰਜ ਦੀ ਅੱਖ’ ਦੀ ਚੋਣ ਢਾਹਾਂ ਪੁਰਸਕਾਰ ਲਈ ਹੋਈ ਹੈ। ਉਨ੍ਹਾਂ ਨੂੰ 25 ਹਜ਼ਾਰ ਕੈਨੇਡੀਅਨ ਡਾਲਰ (13,81,887 ਰੁਪਏ) ਦਾ ਪੁਰਸਕਾਰ ਦਿੱਤਾ ਜਾਵੇਗਾ। ਸਾਹਿਤਕਾਰਾਂ ਨੂੰ ਦਿੱਤੇ ਜਾਂਦੇ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕੈਨੇਡਾ ਵਿੱਚ ਕੀਤਾ ਗਿਆ ਹੈ।


 

ਪਾਕਿਸਤਾਨੀ ਲੇਖਕ ਨਾਸਿਰ ਬਲੋਚ ਦੀ ਰਚਨਾ ‘ਝੂਠਾ ਸੱਚਾ ਕੋਈ ਨਾ’ ਨੂੰ ਦੂਜਾ ਇਨਾਮ ਦਿੱਤਾ ਜਾਵੇਗਾ। ਇਹ ਸ਼ਾਹਮੁਖੀ ਲਿੱਪੀ ਵਿੱਚ ਛਪੀਆਂ ਨਾਸਿਰ ਬਲੋਚ ਦੀਆਂ ਕਹਾਣੀਆਂ ਹਨ। ਹਰਪ੍ਰੀਤ ਸੇਖਾ ਸਰੀ ਨੂੰ ਵੀ ਦੂਜਾ ਇਨਾਮ ਦਿੱਤਾ ਜਾਵੇਗਾ। ਇਨ੍ਹਾਂ ਨੂੰ 10-10 ਹਜ਼ਾਰ ਕੈਨੇਡੀਅਨ ਡਾਲਰ ਦਿੱਤੇ ਜਾਣਗੇ।

ਇਸ ਬਾਰੇ ਡਾ. ਰਘਬੀਰ ਸਿੰਘ ਸਿਰਜਣਾ ਨੇ ਦੱਸਿਆ ਕਿ ‘ਸੂਰਜ ਦੀ ਅੱਖ’ ਨਾਵਲ ’ਤੇ ਬਲਦੇਵ ਸਿੰਘ ਨੂੰ ਇਹ ਵੱਕਾਰੀ ਇਨਾਮ ਮਿਲਿਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਤੇ ਕਾਲ ਦੇ ਸਭ ਪੱਖਾਂ ’ਤੇ ਝਾਤ ਪਾਉਣ ਵਾਲਾ ਸੜਕਨਾਮਾ ਦਾ ਇਹ ਸ਼ਾਹਕਾਰ ਨਾਵਲ ਹੈ। ਬਲਦੇਵ ਸਿੰਘ ਸੜਕਨਾਮਾ ਨੂੰ ਸਾਲ 2011 ਵਿੱਚ ਲੋਕ ਨਾਇਕ ਦੁੱਲਾ ਭੱਟੀ ਬਾਰੇ ਨਾਵਲ ‘ਢਾਹਵਾਂ ਦਿੱਲੀ ਦੇ ਕਿੰਗਰੇ’ ਲਈ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲ ਚੁੱਕਿਆ ਹੈ।

ਇਸ ਲੇਖਕ ਨੇ ਆਪਣਾ ਸਿਰਜਣਾਤਮਕ ਸਫ਼ਰ 1977 ਵਿੱਚ ਕਹਾਣੀ ਸੰਗ੍ਰਹਿ ‘ਗਿੱਲੀਆਂ ਛਿਟੀਆਂ ਦੀ ਅੱਗ’ ਨਾਲ ਸ਼ੁਰੂ ਕੀਤਾ ਸੀ। ਟਰੱਕ ਡਰਾਈਵਰ ਵਜੋਂ ਉਸ ਦਾ ਅਨੁਭਵ ‘ਸੜਕਨਾਮਾ’ ਲਿਖਣ ਲਈ ਪ੍ਰੇਰਨਾ ਸਰੋਤ ਬਣਿਆ, ਜੋ ਅੰਮ੍ਰਿਤਾ ਪ੍ਰੀਤਮ ਦੇ ਰਸਾਲੇ ‘ਨਾਗਮਣੀ’ ਵਿੱਚ ਬਾਕਾਇਦਾ ਕਾਲਮ ਵਜੋਂ ਛਪਦਾ ਰਿਹਾ। ਬਲਦੇਵ ਸਿੰਘ ਨੇ ਨਾਵਲ ਤੇ ਕਹਾਣੀ ਸਮੇਤ ਨਾਟਕ, ਵਾਰਤਕ, ਸਫ਼ਰਨਾਮਾ ਤੇ ਬਾਲ ਸਾਹਿਤ ਦੀ ਵੀ ਰਚਨਾ ਕੀਤੀ ਹੈ।

ਸੜਕਨਾਮਾ ਦਾ ਨਾਵਲ ‘ਸੂਰਜ ਦੀ ਅੱਖ’ ਪਿਛਲੇ ਸਾਲ ਵਿਵਾਦਾਂ ਵਿੱਚ ਘਿਰਿਆ ਰਿਹਾ, ਜਿਸ ਕਾਰਨ ਪ੍ਰਕਾਸ਼ਕਾਂ ਨੇ ਇਸ ਦੀ ਵਿਕਰੀ ਵੀ ਬੰਦ ਕਰ ਦਿੱਤੀ ਸੀ। ਕੁਝ ਸਿੱਖ ਜਥੇਬੰਦੀਆਂ ਤੇ ਹੋਰਾਂ ਨੇ ਬਲਦੇਵ ਸਿੰਘ ’ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਤੱਥ ਤੋੜ-ਮਰੋੜ ਕੇ ਪੇਸ਼ ਕਰਨ ਤੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਦੇ ਦੋਸ਼ ਲਾਏ ਸਨ। ਉਸ ਸਮੇਂ ਸੜਕਨਾਮਾ ਨੂੰ ਬੋਲ-ਕੁਬੋਲਾਂ ਤੋਂ ਇਲਾਵਾ ਧਮਕੀਆਂ ਭਰੀਆਂ ਫੋਨ ਕਾਲਾਂ ਤੇ ਕਾਨੂੰਨੀ ਨੋਟਿਸ ਦਾ ਵੀ ਸਾਹਮਣਾ ਕਰਨਾ ਪਿਆ ਸੀ।