ਲੁਧਿਆਣਾ: ਲੁਧਿਆਣਾ ਦੇ ਨਵੇਂ ਮੇਅਰ ਬਲਕਾਰ ਸਿੰਘ ਸੰਧੂ ਚੁਣੇ ਗਏ ਹਨ। ਇਸ ਤੋਂ ਇਲਾਵਾ ਸ਼ਾਮ ਸੁੰਦਰ ਮਲਹੋਤਰਾ ਸੀਨੀਅਰ ਡਿਪਟੀ ਮੇਅਰ ਤੇ ਸਰਬਜੀਤ ਕੌਰ ਡਿਪਟੀ ਮੇਅਰ ਬਣੇ ਹਨ। ਨਗਰ ਨਿਗਮ ਚੋਣਾਂ 24 ਫਰਵਰੀ ਨੂੰ ਹੋਈਆਂ ਸੀ ਜਿਨ੍ਹਾਂ ਵਿੱਚ ਕਾਂਗਰਸ ਨੇ ਬਾਜ਼ੀ ਮਾਰੀ ਸੀ। ਅੱਜ ਨਗਰ ਨਿਗਮ ਚੋਣਾਂ ਵਿੱਚ ਜਿੱਤ ਦਰਜ ਕਰਨ ਵਾਲੇ 95 ਕੌਂਸਲਰਾਂ ਨੇ ਆਪਣਾ ਮੇਅਰ ਚੁਣਿਆ। ਮੇਅਰ ਵਜੋਂ ਨਿਯੁਕਤ ਹੋਣ 'ਤੇ ਬਲਕਾਰ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ 'ਚ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਉਹ ਸਰਕਾਰ ਤੋਂ ਫੰਡ ਲੈ ਕੇ ਸ਼ਹਿਰ ਦਾ ਵਿਕਾਸ ਕਰਾਉਣਗੇ। ਮੌਕੇ 'ਤੇ ਮੌਜੂਦ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸ਼ਹਿਰ ਦੇ ਰੁਕੇ ਵਿਕਾਸ ਪ੍ਰਤੀ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੇਂਦਰ ਵੱਲੋਂ ਦਿੱਤੇ ਗਏ ਸਮਾਰਟ ਸਿਟੀ ਦੇ ਪ੍ਰੋਜੈਕਟ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇਗਾ।