ਮਾਨਸਾ (ਨਵਦੀਪ ਆਹਲੂਵਾਲੀਆ): ਸਿਧੂ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਨੂੰ ਸੰਦੇਸ਼ ਦਿੱਤਾ ਹੈ। ਸਿੱਧੂ ਮੁਸੇਵਾਲਾ ਦੇ ਪਿਤਾ ਬਲਕੋਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਦੁੱਖ ਜ਼ਾਹਰ ਕੀਤਾ ਹੈ।
ਸਿਧੁੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਸਾਨੂੰ ਵਾਰ-ਵਾਰ ਤੰਗ ਪਰੇਸ਼ਾਨ ਕਰ ਰਿਹਾ ਹੈ ਕਿ ਸਾਡੇ ਘਰ ਜਿਹੜੇ ਪੁੱਤ ਨੇ ਜਨਮ ਲਿਆ ਹੈ, ਉਸਦੇ ਆਈਵੀਐਫ ਤਕਨੀਕ ਰਾਹੀਂ ਹੋਏ ਇਲਾਜ ਦੇ ਦਸਤਾਵੇਜ਼ ਦਿਖਾਏ ਜਾਣ।
ਬਲਕੌਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਸਾਨੂੰ ਇਲਾਜ਼ ਪੂਰਾ ਕਰਵਾ ਲੈਣ ਦਿਓ, ਅਸੀਂ ਸਾਰੇ ਦਸਤਾਵੇਜ਼ ਪੇਸ਼ ਕਰ ਦਿਆਂਗੇ। ਜੇਕਰ ਅਸੀਂ ਕੁੱਝ ਗ਼ਲਤ ਕੀਤਾ ਹੋਇਆ ਤਾਂ ਬੇਸ਼ੱਕ ਸਰਕਾਰ ਸਾਡੇ 'ਤੇ ਕੋਈ ਵੀ ਕਾਰਵਾਈ ਕਰ ਸਕਦੀ ਹੈ। ਪ੍ਰਸ਼ਾਸਨ ਸਾਨੂੰ ਵਾਰ-ਵਾਰ ਤੰਗ ਪਰੇਸ਼ਾਨ ਕਰ ਰਿਹਾ ਹੈ।
ਦੱਸ ਦਈਏ ਕਿ ਦੋ ਦਿਨ ਪਹਿਲਾਂ ਪੰਜਾਬੀਆਂ ਦੇ ਪਿਆਰ ਅਤੇ ਅਰਦਾਸਾਂ ਦੇ ਸਦਕਾ ਸ਼ੁਭਦੀਪ ਸਿੰਘ ਸਿੱਧੁੂ ਮੁਸੇਵਾਲਾ ਦੇ ਛੋਟੇ ਭਰਾ ਨੇ ਜਨਮ ਲਿਆ ਹੈ। ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਬਲਕੌਰ ਸਿੰਘ ਤੋਂ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਸੀਐਮ ਸਾਹਿਬ ਸਾਡੇ ਪਰਿਵਾਰ 'ਤੇ ਥੋੜਾ ਬਹੁਤ ਤਾਂ ਤਰਸ ਖਾਓ ਸਾਡਾ ਇਲਾਜ ਤਾਂ ਪੂਰਾ ਹੋਣ ਦਿਓ।
ਬਲਕੌਰ ਸਿੰਘ ਨੇ ਕਿਹਾ ਕਿ ਮੈਂ ਬਹੁਤ ਦੁਖੀ ਹਾਂ, ਸੀਐਮ ਭਗਵੰਤ ਮਾਨ ਸਾਹਬ ਮੈਂ ਤੁਹਾਨੂੰ ਸਖ਼ਤ ਸ਼ਬਦਾਂ ਵਿੱਚ ਕਹਿ ਰਿਹਾ ਹਾਂ ਕਿ ਤੁਸੀਂ ਜੇਕਰ ਮੈਨੂੰ ਹੱਥ ਪਾਉਗੇ ਤਾਂ ਚੰਗੀ ਤਰ੍ਹਾਂ ਪਾਇਓ। ਤੁਸੀਂ ਆਪਣੇ ਫੈਸਲਿਆਂ ਤੋਂ ਯੂਟਰਨ ਲੈ ਲੈਂਦੇ ਹੋ।
ਮੈਂ ਯੂਟਰਨ ਲੈਣ ਵਾਲਿਆਂ 'ਚੋਂ ਨਹੀਂ ਹਾਂ, ਮੈਂ ਜਾਨ ਦੇ ਸਕਦਾਂ ਹਾਂ ਪਰ ਯੂਟਰਨ ਨਹੀਂ ਲੈਂਦਾ ਹਾਂ। ਮੈਂ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਜੇਕਰ ਮੈਂ ਕੋਈ ਕਾਨੂੰਨ ਦੀ ਉਲੰਘਣਾ ਕੀਤੀ ਹੋਈ ਤਾਂ ਮੈਨੂੰ ਜੇਲ੍ਹ ਵਿੱਚ ਬੰਦ ਕਰ ਦਿਓ।
ਮੈਂ ਸਾਬਕਾ ਫੌਜੀ ਹਾਂ ਅਤੇ ਦੇਸ਼ ਦੇ ਕਾਨੂੰਨ ਦਾ ਹਰ ਥਾਂ ਆਦਰ ਕਰਦਾ ਹਾਂ। ਮੈਂ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਜੇਕਰ ਤੁਹਾਨੂੰ ਮੇਰੇ 'ਤੇ ਵਿਸ਼ਵਾਸ ਨਹੀਂ ਹੈ ਤਾਂ ਮੇਰੇ 'ਤੇ ਪਰਚਾ ਦਰਜ ਕਰੋ ਅਤੇ ਮੈਨੂੰ ਜੇਲ੍ਹ ਅੰਦਰ ਬੰਦ ਕਰ ਦਿਓ ।
ਫਿਰ ਜਾਂਚ ਕਰੋ ਅਤੇ ਮੈਂ ਆਪਣੇ ਸਵੈ-ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਆਪਣੇ ਲੀਗਲ ਡਾਕੁਮੈਂਟ ਪੇਸ਼ ਕਰਕੇ ਸਾਫ਼ ਬਰੀ ਹੋ ਕੇ ਨਿਕਲ ਕੇ ਆਵਾਂਗਾ।