ਪਟਿਆਲਾ: ਲੋਕ ਸਭਾ ਚੋਣਾਂ ਵਿੱਚ ਇੱਕ ਪਾਸੇ ਸਿੱਖ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਖਿਲਾਫ ਡਟੀਆਂ ਹੋਈਆਂ ਹਨ, ਉੱਥੇ ਦੂਜੇ ਪਾਸੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ 'ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਅਕਾਲੀ-ਬੀਜੇਪੀ ਗੱਠਜੋੜ ਦੇ ਹੱਕ ਵਿੱਚ ਨਿੱਤਰੇ ਹਨ। ਪਟਿਆਲਾ ਦੀ ਕੇਂਦਰੀ ਜੇਲ੍ਹ 'ਚੋਂ ਰਾਜੋਆਣਾ ਨੇ ਆਪਣੀ ਭੈਣ ਦੇ ਹੱਥ ਚਿੱਠੀ ਭੇਜ ਕੇ ਸਿੱਖਾਂ ਨੂੰ ਅਕਾਲੀ ਦਲ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ।


ਯਾਦ ਰਹੇ ਰਾਜੋਆਣਾ ਦੀ ਚਿੱਠ ਉਸ ਵੇਲੇ ਆਈ ਹੈ ਜਦੋਂ ਪੰਥਕ ਧਿਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਦਾ ਨਾਅਰਾ ਲਾਉਂਦਿਆਂ ਬਰਗਾੜੀ ਤੋਂ ਲੰਬੀ ਤੱਕ ਰੋਸ ਮਾਰਚ ਸ਼ੁਰੂ ਕੀਤਾ ਹੈ। ਇਸ ਮਾਰਚ ਨੂੰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਤਿਹਾੜ ਜੇਲ੍ਹ 'ਚ ਨਜ਼ਰਬੰਦ ਜਗਤਾਰ ਸਿੰਘ ਹਵਾਰਾ ਵੱਲੋਂ ਵੀ ਹਮਾਇਤ ਦਿੱਤੀ ਜਾ ਰਹੀ ਹੈ। ਇਹ ਮਾਰਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀ ਕਾਂਡ ਦੇ ਰੋਸ ਵਜੋਂ ਕੀਤਾ ਜਾ ਰਿਹਾ ਹੈ।

ਉਧਰ, ਰਾਜੋਆਣਾ ਨੇ ਚਿੱਠੀ ਰਾਹੀਂ ਸਮੁੱਚੇ ਖ਼ਾਲਸਾ ਪੰਥ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੀ ਤਰੱਕੀ, ਭਾਈਚਾਰਕ ਸਾਂਝ ਤੇ ਅਮਨ-ਸ਼ਾਂਤੀ ਲਈ ਆਪਣੀ ਇੱਕ-ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਪਾਉਣ। ਆਪਣੀ ਭੈਣ ਕਮਲਦੀਪ ਕੌਰ ਰਾਹੀਂ ਭੇਜੇ ਲਿਖਤੀ ਸੰਦੇਸ਼ ਵਿੱਚ ਰਾਜੋਆਣਾ ਨੇ ਕਿਹਾ ਕਿ ਬੰਦ ਕਮਰੇ ਵਿੱਚ ਵੋਟ ਪਾਉਣ ਦੇ ਮਿਲੇ ਅਧਿਕਾਰ ਨੂੰ ਹਥਿਆਰ ਬਣਾ ਕੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਲੋਕਾਂ ਦੇ ਖ਼ੂਨ ਨਾਲ ਰੰਗਣ ਵਾਲੀ ਤੇ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਵਾਲੀ ਕਾਂਗਰਸ ਪਾਰਟੀ ਨੂੰ ਸਬਕ ਸਿਖਾਇਆ ਜਾਵੇ।

ਰਾਜੋਆਣਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ 34 ਸਾਲ ਤੋਂ ਸ਼ਰੇਆਮ ਘੁੰਮ ਰਹੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਜੇਲ੍ਹ ਭੇਜਿਆ ਹੈ। ਇਸ ਲਈ ਸਮੂਹ ਸਿੱਖ ਸੰਗਤ ਨੂੰ ਅਪੀਲ ਹੈ ਕਿ ਉਹ ਅਕਾਲੀ-ਭਾਜਪਾ ਦੇ ਹੱਕ ਵਿੱਚ ਹੀ ਵੋਟ ਪਾਉਣ।