ਚੰਡੀਗੜ੍ਹ: ਅੱਜ ਸ਼ੌਰਯਾ ਚੱਕਰ ਅਵਾਰਡੀ ਕਾਮਰੇਡ ਬਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਤਰਨਤਾਰਨ ਦੇ ਭਿੱਖੀਵਿੰਡ ਵਿੱਚ ਕੀਤਾ ਗਿਆ।ਸ਼ੁਕਰਵਾਰ ਸਵੇਰੇ ਬਲਵਿੰਦਰ ਸਿੰਘ ਦਾ ਉਨ੍ਹਾਂ ਦੀ ਰਿਹਾਇਸ਼ ਤੇ ਹੀ ਕੁਛ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ।ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਬਲਵਿੰਦਰ ਦੀ ਸੁਰੱਖਿਆ ਹਟਾ ਲਈ ਗਈ ਸੀ ਅਤੇ ਉਨ੍ਹਾਂ ਨੇ ਸੁਰੱਖਿਆ ਦੀ ਮੰਗ ਲਈ DGP ਨੂੰ ਪੱਤਰ ਵੀ ਲਿਖਿਆ ਸੀ ਪਰ ਉਨ੍ਹਾਂ ਨੂੰ ਸੁਰੱਖਿਆ ਨਹੀਂ ਮਿਲੀ ਸੀ। ਅੰਤਿਮ ਸੰਸਕਾਰ ਮੌਕੇ ਬਲਵਿੰਦਰ ਸਿੰਘ ਦੀ ਪਤਨੀ ਜਗਦੀਸ਼ ਕੌਰ ਨੇ ਕਿਹਾ ਕਿ, "ਹਰ ਹਫ਼ਤੇ ਦਿਨਕਰ ਗੁਪਤਾ ਨੂੰ ਮੇਲ ਕਰਦੇ ਸੀ।ਸਾਡੇ ਪਰਿਵਾਰ ਲਈ ਸੁਰੱਖਿਆ ਕੋਈ ਮਾਇਨੇ ਨਹੀਂ ਰੱਖਦੀ ਹੁਣ।ਪਹਿਲਾਂ ਸੁਰੱਖਿਆ ਮਿਲੀ ਹੁੰਦੀ ਤਾਂ ਅੱਜ ਦਾ ਦਿਨ ਨਾ ਦੇਖਣਾ ਪੈਂਦਾ।ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਸਾਡੇ ਪਰਿਵਾਰ ਦੀ ਸੁਰੱਖਿਆ ਕਿਉਂ ਹਟਾਈ ਗਈ।"
ਜਗਦੀਸ਼ ਕੌਰ ਨੇ ਕਿਹਾ,
ਜੇਕਰ ਦੋਸ਼ੀ ਜਲਦੀ ਨਾ ਫੜੇ ਗਏ ਜਾਂ ਸਾਡੇ ਹੱਕ ਨਾ ਮਿਲੇ ਤਾਂ ਮੈਨੂੰ ਲੜਾਈ ਲੜਨੀ ਆਉਂਦੀ ਹੈ।ਐਸਆਈਟੀ ਬਹੁਤ ਬਣਦੀਆਂ ਨੇ, ਗੱਲ ਨਤੀਜਾ ਆਉਣ ਦੀ ਹੈ।ਕੁਝ ਸਮਾਂ ਇੰਤਜਾਰ ਕਰੂੰਗੀ, ਫੇਰ ਲੜਾਈ ਲਈ ਤਿਆਰ, ਜੇ ਮੁਲਜ਼ਮ ਨਾ ਫੜੇ ਗਏ ਤਾਂ ਮੈਨੂੰ ਲੜਾਈ ਲੜਨੀ ਆਉਂਦੀ ਹੈ।ਬਲਵਿੰਦਰ ਸਿੰਘ ਨੇ ਮੈਂਨੂੰ ਬਹੁਤ ਮਜਬੂਤ ਕੀਤਾ ਹੈ।-
ਉਧਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਤਲ ਮਾਮਲੇ 'ਚ ਸ਼ੁੱਕਰਵਾਰ ਨੂੰ ਜਾਂਚ ਲਈ ਡੀਆਈਜੀ ਫਿਰੋਜ਼ਪੁਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (SIT)ਦਾ ਗਠਨ ਕਰ ਦਿੱਤਾ ਹੈ।ਐਸਆਈਟੀ ਨੇ ਪਹਿਲਾਂ ਹੀ ਇਸ ਮਾਮਲੇ 'ਚ ਦੋਸ਼ੀਆਂ ਨੂੰ ਕਾਬੂ ਕਰ ਲਈ ਚਾਰ ਵਿਸ਼ੇਸ਼ ਟੀਮਾਂ ਦਾ ਗਠਨ ਕਰ ਲਿਆ ਹੈ। ਬਲਵਿੰਦਰ ਦੀ ਮੌਤ 'ਤੇ ਸੋਗ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਹਦਾਇਤ ਕੀਤੀ ਹੈ ਕਿ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਕਾਬੂ ਕਰਨ।
ਫਿਰੋਜ਼ਪੁਰ ਰੇਂਜ ਦੇ ਡੀਆਈਜੀ ਹਰਦਿਆਲ ਮਾਨ ਤੋਂ ਇਲਾਵਾ, ਐਸਆਈਟੀ ਵਿੱਚ ਤਰਨਤਾਰਨ ਦੇ ਐਸਐਸਪੀ ਧਰੁਮਨ ਨਿੰਬਲੇ ਅਤੇ ਭਿੱਖੀਵਿੰਡ ਦੇ ਡੀਐਸਪੀ ਰਾਜਬੀਰ ਸਿੰਘ ਸ਼ਾਮਲ ਹਨ।ਬਲਵਿੰਦਰ ਸਿੰਘ ਨੇ ਸ਼ੁਕਰਵਾਰ ਸਵੇਰੇ ਸੱਤ ਵਜੇ ਦੇ ਕਰੀਬ ਉਸ ਦੇ ਭਿੱਖੀਵਿੰਡ ਦੇ ਘਰ 'ਤੇ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਨਾਲ ਹਮਲਾ ਕੀਤਾ।ਜਿਸ ਤੋਂ ਬਾਅਦ ਉਨ੍ਹਾਂ ਦੀ ਮੌਕੇ' ਤੇ ਹੀ ਮੌਤ ਹੋ ਗਈ। ਇਹ ਪੂਰੀ ਵਾਰਦਾਤ ਇੱਕ ਸੀਸੀਟੀਵੀ ਫੁਟੇਜ ਤੋਂ ਪਤਾ ਚੱਲਦੀ ਹੈ। ਦੋ ਅਣਪਛਾਤੇ ਹਮਲਾਵਰ ਸਵੇਰੇ ਮ੍ਰਿਤਕ ਦੇ ਘਰ ਪਹੁੰਚੇ ਅਤੇ ਉਨ੍ਹਾਂ ਵਿਚੋਂ ਇਕ ਨੇ ਅੰਦਰ ਦਾਖਲ ਹੋ ਕੇ ਬਲਵਿੰਦਰ ਸਿੰਘ' ਤੇ ਫਾਇਰਿੰਗ ਕਰ ਦਿੱਤੀ।
ਕਾਮਰੇਡ ਬਲਵਿੰਦਰ ਸਿੰਘ, ਨੂੰ ਪੰਜਾਬ ਵਿੱਚ ਅੱਤਵਾਦ ਵਿਰੁੱਧ ਲੜਾਈ ਲੜਨ ਲਈ ਸ਼ੌਰਯਾ ਚੱਕਰ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ 1980 ਤੇ 90 ਦੇ ਦਹਾਕੇ 'ਚ ਦਹਿਸ਼ਤਗਰਦਾਂ ਨਾਲ ਕਈ ਵਾਰ ਲੋਹਾ ਲਿਆ ਸੀ। 1993 ਤੱਕ ਬਲਵਿੰਦਰ ਸਿੰਘ ਤੇ ਪਰਿਵਾਰ 'ਤੇ 11 ਮਹੀਨਿਆਂ 'ਚ 16 ਅਟੈਕ ਹੋਏ ਸੀ। ਬਲਵਿੰਦਰ ਸਿੰਘ ਦਾ ਪਰਿਵਾਰ ਅੱਤਵਾਦੀਆਂ ਦੀ ਹਿੱਟ ਲਿਸਟ 'ਚ ਸੀ।