ਅੰਮ੍ਰਿਤਸਰ: ਤੂੜੀ ਦੀ ਪਸ਼ੂਆਂ ਨੂੰ ਆ ਰਹੀ ਘਾਟ ਨੂੰ ਵੇਖਦੇ ਹੋਏ ਜ਼ਿਲ੍ਹਾ ਮਜਿਸਟਰੇਟ ਹਰਪ੍ਰੀਤ ਸਿੰਘ ਸੂਦਨ ਨੇ ਫੈਕਟਰੀਆਂ ਵਿੱਚ ਬਾਲਣ ਵਜੋਂ ਤੂੜੀ ਦੀ ਵਰਤੋਂ ਕਰਨ ਉਤੇ ਰੋਕ ਲਾ ਦਿੱਤੀ ਹੈ। ਜ਼ਿਲ੍ਹਾ ਮਜਿਸਟਰੇਟ ਨੇ ਤੂੜੀ ਦੀ ਘਾਟ ਨੂੰ ਗੰਭੀਰਤਾ ਨਾਲ ਲੈਂਦੇ ਤੂੜੀ ਨੂੰ ਪੰਜਾਬ ਤੋਂ ਬਾਹਰ ਭੇਜਣ ਉਤੇ ਵੀ ਰੋਕ ਲਗਾਈ ਹੈ।

ਆਪਣੇ ਹੁਕਮਾ ਵਿੱਚ ਉਨ੍ਹਾਂ ਲਿਖਿਆ ਕਿ ਮੇਰੇ ਧਿਆਨ ਵਿੱਚ ਆਇਆ ਹੈ ਕਿ ਪੰਜਾਬ ਵਿੱਚ ਤੂੜੀ ਦੀ ਘਾਟ ਹੋਣ ਤਹਿਤ ਡੇਅਰੀ ਫਾਰਮ ਵਾਲਿਆਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੀਆਂ-ਵੱਡੀਆਂ ਫੈਕਟਰੀਆਂ, ਬਾਇਲਰਾਂ ਵਿੱਚ ਵੀ ਜੋ ਬਾਲਣ ਖਪਤ ਹੋਣਾ ਚਾਹੀਦਾ ਹੈ, ਉਸ ਦੀ ਜਗ੍ਹਾ ਤੂੜੀ ਦਾ ਜ਼ਿਆਦਾਤਾਰ ਇਸਤੇਮਾਲ ਬਾਲਣ ਵਜੋਂ ਕਰ ਰਹੀਆਂ ਹਨ। ਇਸ ਨਾਲ ਡੇਅਰੀ ਫਾਰਮ ਤੇ ਨਿਰਭਰ ਕਿਸਾਨਾਂ, ਮਜ਼ਦੂਰਾਂ ਨੂੰ ਤੂੜੀ ਦੀ ਘਾਟ ਦੀ ਸਮੱਸਿਆ ਆ ਰਹੀ ਹੈ।

ਇਸ ਘਾਟ ਕਾਰਨ ਡੇਅਰੀ ਫਾਰਮ ਵਿੱਚ ਪਲ ਰਹੇ ਮਾਲ ਡੰਗਰਾਂ ਦੇ ਭੁੱਖੇ ਮਰਨ ਦੀ ਨੌਬਤ ਆ ਗਈ ਹੈ। ਇਸ ਕਾਰਨ ਕਿਸਾਨਾਂ ਵਿਚ ਰੋਸ ਹੈ ਤੇ ਕਿਸੇ ਵੇਲੇ ਵੀ ਅਮਨ ਤੇ ਸ਼ਾਂਤੀ ਭੰਗ ਹੋਣ ਦਾ ਖਦਸ਼ਾ ਹੈ। ਉਪਰੋਕਤ ਸਥਿਤੀ ਨੂੰ ਮੁੱਖ ਰੱਖਦਿਆਂ ਹੋਇਆਂ ਜ਼ਾਬਤਾ ਫੌਜਦਾਰੀ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਅੰਮ੍ਰਿਤਸਰ ਦੀ ਹਦੂਦ ਅੰਦਰ ਤੂੜੀ ਨੂੰ ਪੰਜਾਬ ਤੋਂ ਬਾਹਰਲੇ ਰਾਜਾਂ ਵਿੱਚ ਲਿਜਾਣ ਅਤੇ ਤੂੜੀ ਦੇ ਵੱਡੀਆਂ ਵੱਡੀਆਂ ਫੈਕਟਰੀਆਂ, ਬਾਇਲਰਾਂ ਵਿੱਚ ਬਾਲਣ ਦੇ ਤੌਰ ਤੇ ਇਸਤੇਮਾਲ ਹੋਣ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਉਂਦਾ ਹਾਂ।

ਇਹ ਹੁਕਮ ਤੁੰਰਤ ਲਾਗੂ ਹੋਵੇਗਾ ਤੇ ਮਿਤੀ 30.06.2022 ਤੱਕ ਲਾਗੂ ਰਹੇਗਾ। ਮਾਮਲੇ ਦੀ ਤੱਤਪਰਤਾ ਨੂੰ ਮੁੱਖ ਰੱਖਦੇ ਹੋਇਆਂ ਇੱਕਤਰਫਾ ਪਾਸ ਕੀਤਾ ਜਾਂਦਾ ਹੈ ਤੇ ਆਮ ਲੋਕਾਂ ਨੂੰ ਇਸ ਦੀ ਪਾਲਣਾ ਯਕੀਨੀ ਬਣਾਉਣੀ ਜ਼ਰੂਰੀ ਬਣਦੀ ਹੈ।


ਇਹ ਵੀ ਪੜ੍ਹੋ: ਪਟਿਆਲਾ ਹਿੰਸਾ ਮਾਮਲੇ 'ਚ ਪਰਵਾਨਾ ਦਾ ਚਾਰ ਦਿਨਾਂ ਪੁਲਿਸ ਰਿਮਾਂਡ