ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ 500 ਤੇ 1000 ਦੇ ਨੋਟ ਬੰਦ ਕਰਨ ਤੋਂ ਬਾਅਦ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀਆਂ ਅੱਜ ਕੁੱਝ ਘੱਟ ਹੋ ਸਕਦੀਆਂ ਹਨ। ਅੱਜ ਬੈਂਕ ਤੇ ਪੋਸਟ ਆਫ਼ਿਸ ਦੋਵੇਂ ਖੁੱਲ੍ਹਣਗੇ। ਬੈਂਕਾਂ ਤੇ ਡਾਕ ਘਰਾਂ ਵਿੱਚ ਅੱਜ ਤੋਂ ਪੈਸੇ ਜਮਾ ਕਰਾਏ ਜਾ ਸਕਣਗੇ ਅਤੇ ਬਦਲੇ ਵਿੱਚ 4000 ਰੁਪਏ ਤੱਕ ਦੇ ਨੋਟ ਲਏ ਜਾ ਸਕਦੇ ਹਨ। ਸਰਕਾਰ ਨੇ ਐਲਾਨ ਕੀਤਾ ਹੈ ਕਿ ਢਾਈ ਲੱਖ ਰੁਪਏ ਤੱਕ ਦੇ ਕੈਸ਼ ਜਮਾਂ ਕਰਵਾਉਣ ਉਤੇ ਕੋਈ ਟੈਕਸ ਨਹੀਂ ਹੋਵੇਗਾ।

ਪ੍ਰਧਾਨ ਮੰਤਰੀ ਦੇ ਐਲਾਨ ਅਨੁਸਾਰ ਬੈਂਕ ਤੋਂ ਸਿਰਫ਼ ਚਾਰ ਹਜ਼ਾਰ ਰੁਪਏ ਲਏ ਜਾ ਸਕਦੇ ਹਨ ਜਦੋਂਕਿ ਬੈਂਕ ਵਿੱਚ ਜਮ੍ਹਾ ਕਰਵਾਈ ਜਾਣ ਵਾਲੀ ਰਾਸ਼ੀ ਦੀ ਕੋਈ ਸੀਮਾ ਨਹੀਂ ਹੈ। ਪੈਸੇ ਜਮਾਂ ਕਰਵਾਉਣ ਲਈ ਪਹਿਚਾਣ ਪੱਤਰ ਦਾ ਹੋਣਾ ਜ਼ਰੂਰੀ ਹੈ।ਬੈਂਕ ਵਿੱਚ ਪੁਰਾਣੇ ਨੋਟ ਦੇ ਬਦਲੇ ਨਵੇਂ ਨੋਟ ਲੈਣ ਲਈ ਇੱਕ ਫਾਰਮ ਭਰਨਾ ਹੋਵੇਗਾ। ਇਸ ਤੋਂ ਇਲਾਵਾ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਬੈਂਕ ਖੁੱਲ੍ਹੇ ਹੋਣਗੇ।

SBI ਦੀਆਂ ਸਾਰੀਆਂ ਬਰਾਂਚਾਂ ਸ਼ਾਮੀ ਛੇ ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਇਸ ਤਰ੍ਹਾਂ ICICI ਬੈਂਕ10 ਅਤੇ 11 ਨਵੰਬਰ ਨੂੰ ਸਵੇਰੇ ਅੱਠ ਵਜੇ ਤੋਂ ਸ਼ਾਮੀ 8 ਵਜੇ ਤੱਕ ਖੁੱਲ੍ਹੇ ਰਹਿਣਗੇ। ICICI ਅਤੇ ਐਕਸੈੱਸ ਬੈਂਕ ਦੇ ATM ਵਿੱਚ 31 ਦਸੰਬਰ ਤੱਕ ਇੱਕ ਮਹੀਨੇ ਵਿੱਚ 5 ਤੋਂ ਜ਼ਿਆਦਾ ਵਾਰ ਪੈਸੇ ਕਢਵਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਇਹਨਾਂ ਬੈਂਕਾਂ ਵਿੱਚ ਅੱਜ ਤੋਂ 500 ਤੋਂ 2000 ਦੇ ਨਵੇਂ ਨੋਟ ਮਿਲਣੇ ਸ਼ੁਰੂ ਹੋ ਜਾਣਗੇ। ਸਟੇਟ ਬੈਂਕ ਆਫ਼ ਇੰਡੀਆ ਬੈਂਕ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਕਰੰਸੀ ਨੋਟ ਬਦਲਣ ਲਈ ਐਕਸਚੇਂਜ ਕਾਊਟਰ ਬਣਾਏ ਗਏ ਹਨ।
-------------------------