ਚੰਡੀਗੜ੍ਹ: ਸੀਬੀਆਈ ਟੀਮ ਬਰਗਾੜੀ ਬੇਅਦਬੀ ਮਾਮਲਿਆਂ ਦੀ ਜਾਂਚ ਵਿੱਚ ਉਲਝ ਗਈ ਹੈ। ਟੀਮ ਨੇ ਅੱਜ ਲਗਾਤਾਰ ਦੂਜੇ ਦਿਨ ਪਿੰਡ ਬੁਰਜ਼ ਜਵਾਹਰ ਸਿੰਘ ਵਾਲਾ ਦਾ ਦੌਰਾ ਕੀਤਾ। ਇਸੇ ਪਿੰਡ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਚੋਰੀ ਹੋਇਆ ਸੀ। ਹਾਲਾਂਕਿ ਸੀਬੀਆਈ ਨੇ ਜਾਂਚ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਕੋਈ ਸਬੂਤ ਨਾ ਹੋਣ ਕਾਰਨ ਏਜੰਸੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਸੀਬੀਆਈ ਦੀ ਟੀਮ ਨੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਦੇ ਗ੍ਰੰਥੀ ਦੇ ਬਿਆਨ ਮੁੜ ਦਰਜ ਕੀਤੇ ਗਏ। ਗ੍ਰੰਥੀ ਨੇ ਆਪਣੇ ਬਿਆਨਾਂ ਵਿੱਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ, ਸੁਖਜਿੰਦਰ ਸਿੰਘ ਤੇ ਸ਼ਕਤੀ ਸਿੰਘ ਦਾ ਨਾਂ ਦੁਹਰਾਇਆ ਪਰ ਸੀਬੀਆਈ ਕੋਲ ਇਨ੍ਹਾਂ ਤਿੰਨਾਂ ਖਿਲਾਫ ਕੋਈ ਵੀ ਠੋਸ ਸਬੂਤ ਨਹੀਂ ਜਿਸ ਦੇ ਅਧਾਰ 'ਤੇ ਮਾਮਲਾ ਅੱਗੇ ਵਧਾ ਸਕੇ।

ਉਧਰ, ਇੰਨਾ ਲੰਮਾ ਸਮਾਂ ਜਾਂਚ ਲਟਕਣ ਕਰਕੇ ਲੋਕਾਂ ਵਿੱਚ ਰੋਹ ਹੈ। ਪਤਾ ਲੱਗਾ ਹੈ ਕਿ ਬੁਰਜ ਜਵਾਹਰ ਸਿੰਘ ਵਾਲਾ ਤੋਂ ਬਾਅਦ ਸੀਬੀਆਈ ਦੀ ਟੀਮ ਨੇ ਪਿੰਡ ਬਰਗਾੜੀ ਵਿੱਚ ਬਿਆਨ ਲੈਣ ਲਈ ਜਾਣਾ ਸੀ ਪਰ ਲੋਕਾਂ ਵੱਲੋਂ ਸੀਬੀਆਈ ਦਾ ਵਿਰੋਧ ਕਰਨ ਦੀ ਜਾਣਕਾਰੀ ਮਿਲਣ 'ਤੇ ਟੀਮ ਉੱਥੇ ਨਹੀਂ ਪਹੁੰਚੀ।