ਫ਼ਰੀਦਕੋਟ: ਬਰਗਾੜੀ ਮੋਰਚੇ ਦੇ ਅਗਲੇ ਪੜਾਅ ਤਹਿਤ ਸਿੱਖ ਜਥੇਬੰਦੀਆਂ ਨੇ ਵਿਸ਼ਾਲ ਮਾਰਚ ਸ਼ੁਰੂ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਰੋਸ ਮਾਰਚ ਦੇ ਸਿਆਸੀ ਅਸਰ ਹੋਣ ਦੇ ਆਸਾਰ ਹਨ, ਕਿਉਂਕਿ ਇਸ ਵਿੱਚ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਬੇਅਦਬੀ ਤੇ ਗੋਲ਼ੀਕਾਂਡਾਂ ਸਬੰਧੀ ਰੋਸ ਪ੍ਰਗਟਾਇਆ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਦੇ ਨਾਲ-ਨਾਲ ਇਸ ਮਾਰਚ 'ਚ ਸਿਆਸੀ ਪਾਰਟੀਆਂ ਦੀ ਸ਼ਮੂਲੀਅਤ ਵੀ ਹੋਈ।


ਬੇਅਦਬੀਆਂ ਦਾ ਰੋਸ ਪ੍ਰਗਟਾਅ ਰਹੇ ਸਿੱਖਾਂ 'ਤੇ ਹੋਈ ਪੁਲਿਸ ਕਾਰਵਾਈ ਵਾਲੇ ਕੋਟਕਪੂਰਾ ਮੁੱਖ ਚੌਕ ਤੋਂ ਇਹ ਰੋਸ ਮਾਰਚ ਸ਼ੁਰੂ ਕੀਤਾ ਗਿਆ ਜੋ ਦਮਦਮਾ ਸਾਹਿਬ ਤਕ ਜਾਵੇਗਾ। ਇਸ ਮਾਰਚ ਵਿੱਚ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸੰਧਵਾ ਨੇ ਵੀ ਆਪਣੀ ਹਾਜ਼ਰੀ ਲਵਾਈ।



ਰੋਸ ਮਾਰਚ ਵਿੱਚ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਜਾਂਚ ਵਿੱਚ ਸਭ ਸਾਹਮਣੇ ਆ ਗਿਆ ਹੈ ਕਿ ਰੋਸ ਪ੍ਰਗਟ ਕਰ ਰਹੇ ਸਿੱਖਾਂ 'ਤੇ ਬਾਦਲਾਂ ਦੇ ਹੁਕਮ 'ਤੇ ਹੀ ਤਸ਼ੱਦਦ ਹੋਇਆ ਸੀ ਤੇ ਬਹਿਬਲ ਕਲਾਂ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਪੁਲਿਸ ਦੀ ਗੋਲ਼ੀ ਨਾਲ ਹੋਈ ਸੀ। ਉਨ੍ਹਾਂ ਕਿਹਾ ਕਿ ਅਸੀਂ ਇਨਸਾਫ ਲਈ ਛੇ ਮਹੀਨੇ ਬਰਗਾੜੀ ਵਿੱਚ ਮੋਰਚਾ ਲਾ ਕੇ ਬੈਠੇ ਸੀ ਤੇ ਅੱਜ ਅਸੀਂ ਉਸੇ ਚੌਕ ਤੋਂ ਰੋਸ ਮਾਰਚ ਦੇ ਰੂਪ ਵਿੱਚ ਕਾਲੀਆਂ ਝੰਡੀਆਂ ਲੈ ਕੇ ਨਿੱਕਲ ਰਹੇ ਹਾਂ ਤੇ ਰਸਤੇ ਵਿੱਚ ਲੋਕਾਂ ਨੂੰ ਬਾਦਲਾਂ ਦੀ ਅਸਲੀਅਤ ਦੱਸਦੇ ਜਾਵਾਂਗੇ। ਮੰਡ ਨੇ ਇਹ ਵੀ ਕਿਹਾ ਕਿ ਉਹ ਅਪੀਲ ਕਰਨਗੇ ਕਿ ਆਉਂਦੀਆਂ ਚੋਣਾਂ ਵਿੱਚ ਅਕਾਲੀਆਂ ਨੂੰ ਵੋਟ ਨਾ ਪਾਈ ਜਾਵੇ।

ਮਾਰਚ ਵਿੱਚ ਸ਼ਾਮਲ ਹੋਏ 'ਆਪ' ਵਿਧਾਇਕ ਕੁਲਤਾਰ ਸੰਧਵਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਰਨ ਉਨ੍ਹਾਂ ਸਾਰਿਆਂ ਦਾ ਦਿਲ ਦੁਖਿਆ ਜੋ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਪਿਆਰ ਕਰਦੇ ਹੈ, ਚਾਹੇ ਉਹ ਸਿੱਖ, ਹਿੰਦੂ, ਮੁਸਲਮਾਨ ਜਾਂ ਈਸਾਈ ਹੋਣ, ਸਾਰਿਆਂ ਨੂੰ ਇਸ ਮਾਰਚ ਦਾ ਸਾਥ ਦੇਣਾ ਚਾਹੀਦਾ ਹੈ।