ਬਰਨਾਲਾ: ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਰਨਾਲਾ ਚ ਸ਼ੁੱਕਰਵਾਰ ਤੋਂ ਦੁਕਾਨਾਂ ਖੋਲ੍ਹਣ ਸਬੰਧੀ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ। ਬਰਨਾਲਾ ਜ਼ਿਲ੍ਹੇ ਦੇ ਲੋਕਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਰੋਟੇਸ਼ਨ ਦੇ ਆਧਾਰ ਤੇ ਸਵੇਰ 7 ਵਜੇ ਤੋਂ ਸਵੇਰ 11 ਵਜੇ ਤਕ ਦੁਕਾਨਾਂ ਖੁੱਲ੍ਹਣਗੀਆਂ। ਪਰ ਨਾਲ ਹੀ ਕੋਰੋਨਾ ਦਾ ਪਸਾਰ ਰੋਕਣ ਲਈ ਸਾਵਧਾਨੀ ਦਾ ਧਿਆਨ ਰੱਖਣ ਲਈ ਵੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਨੇ ਰਿਆਇਤਾਂ ਦੇਣ ਦਾ ਫੈਸਲਾ ਜ਼ਿਲ੍ਹਾ ਪ੍ਰਸ਼ਾਸਨ 'ਤੇ ਛੱਡਿਆ ਹੈ, ਇਸੇ ਤਹਿਤ ਹੀ ਬਰਨਾਲਾ ਡੀਸੀ ਨੇ ਹੇਠ ਦਿੱਤੇ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟ੍ਰ੍ਰੇਟ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਦੁਕਾਨਾਂ ਅਤੇ ਐਸਟੇਬਲਿਸ਼ਮੈਂਟ ਐਕਟ ਅਧੀਨ ਆਉਂਦੀਆਂ ਸਾਰੀਆਂ ਦੁਕਾਨਾਂ (ਮਲਟੀ ਬਰਾਂਡ ਤੇ ਸਿੰਗਲ ਬਰਾਂਡ ਮਾਲਜ਼ ਨੂੰ ਛੱਡ ਕੇ ) ਸਵੇਰ 7 ਤੋਂ 11 ਵਜੇ ਤੱਕ ਖੁੱਲ੍ਹਣਗੀਆਂ।
ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਕੱਪੜੇ/ਫੈਬਰਿਕ ਦੁਕਾਨਾਂ ਤੇ ਸਬੰਧਤ ਅਸੈਸਰੀ, ਦਰਜੀਆਂ ਦੀਆਂ ਦੁਕਾਨਾਂ (ਟੇਲਰਿੰਗ), ਸਰਾਫਾਂ ਸਮੇਤ ਸਾਰੇ ਤਰ੍ਹਾਂ ਦੇ ਗਹਿਣਿਆਂ/ਅਸੈਸਰੀ ਨਾਲ ਸਬੰਧਤ ਦੁਕਾਨਾਂ, ਕਾਸਮੈਟਿਕਸ ਦੀਆਂ ਦੁਕਾਨਾਂ, ਬੱਚਿਆਂ ਦੇ ਕੱਪੜੇ ਤੇ ਉਤਪਾਦ, ਬੈਗਜ਼/ਲੱਗੇਜ਼ ਆਦਿ ਘਰੇਲੂ ਉਪਕਰਨ (ਗੈਰ ਇਲੈਕਟ੍ਰੋਨਿਕ) ਕਰੌਕਰੀ, ਰਸੋਈ ਦੀਆਂ ਵਸਤਾਂ, ਘਰੇਲੂ ਉਪਕਰਨ, ਇਲੈਕਟ੍ਰੋਨਿਕ ਤੇ ਇਲੈਕਟ੍ਰੀਕਲ ਉਪਕਰਨ (ਸੇਲ ਤੇ ਰਿਪੇਅਰ) ਨਾਲ ਸਬੰਧਤ ਦੁਕਾਨਾਂ ਖੁੱਲ੍ਹ ਸਕਣਗੀਆਂ।
ਸੋਮਵਾਰ ਅਤੇ ਵੀਰਵਾਰ ਨੂੰ ਮੋਬਾਈਲ ਅਤੇ ਮੋਬਾਈਲ ਰਿਪੇਅਰ, ਕੰਪਿਊਟਰ ਰਿਪੇਅਰ ਤੇ ਹਾਰਡਵੇਅਰ ਦੁਕਾਨਾਂ, ਬਿਲਡਿੰਗ ਤੇ ਉਸਾਰੀ ਉਪਕਰਨਾਂ ਸਬੰਧੀ ਸਟੋਰ ਜਿਵੇਂ ਪੇਂਟ, ਵੈਨਿਸ਼ਿੰਗ ਆਦਿ, ਕਾਰਪੇਂਟਰੀ ਉਪਰਕਰਨ, ਪਲਾਈਵੁਡ ਆਦਿ, ਗਲਾਸ ਤੇ ਮਿਰਰ, ਗਰਿੱਲ ਤੇ ਫੈਬਰੀਕੇਸ਼ਨ, ਸੀਮਿੰਟ ਤੇ ਮੋਰਟੋ ਆਦਿ ਦੀਆਂ ਦੁਕਾਨਾਂ ਖੁੱਲ੍ਹਣਗੀਆਂ।
ਬੁੱਧਵਾਰ ਤੇ ਸ਼ਨਿਚਰਵਾਰ ਨੂੰ ਆਟੋਮੋਬਾਈਲਜ਼ ਦੀ ਵਿਕਰੀ ਤੇ ਸਪੇਅਰ ਪਾਰਟਸ, ਰਿਪੇਅਰ ਤੇ ਮੇਂਟੀਨੈਂਸ ਨਾਲ ਸਬੰਧਤ ਦੁਕਾਨਾਂ, ਰਿਪੇਅਰ ਅਤੇ ਮੇਂਟੀਨੈਂਸ ਨਾਲ ਸਬੰਧਤ ਦੁਕਾਨਾਂ, ਸਟੇਸ਼ਨਰੀ ਤੇ ਗਿਫਟ ਸ਼ਾਪ (ਆਰਟ ਐਂਡ ਕ੍ਰਾਫਟ ਚੀਜ਼ਾਂ ਤੇ ਕਿਤਾਬਾਂ), ਬੇਕਰੀ ਤੇ ਕਨਫੈਕਸ਼ਨਰੀ, ਮਠਿਆਈ ਦੀਆਂ ਦੁਕਾਨਾਂ ਤੇ ਡੇਅਰੀ ਉਤਪਾਦ ਤੇ ਮੀਟ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ।
ਇਹ ਦੁਕਾਨਾਂ ਸਵੇਰ 7 ਤੋਂ 11 ਵਜੇ ਤੱਕ 50 ਫੀਸਦੀ ਸਟਾਫ਼ ਨਾਲ ਖੋਲੀਆਂ ਜਾ ਸਕਣਗੀਆਂ। ਸਾਰੇ ਤਰ੍ਹਾਂ ਦੀਆਂ ਦੁਕਾਨਾਂ ਵਾਰੀ ਨਾਲ ਯਾਨੀ ਕਿ ਰੋਟੇਸ਼ਨਲ ਸਮਾਂ ਸਾਰਨੀ ਅਨੁਸਾਰ ਖੁੱਲ੍ਹਣਗੀਆਂ। ਉਨ੍ਹਾਂ ਕਿਹਾ ਕਿ ਦੁਕਾਨਦਾਰ ਕਰੋਨਾ ਵਾਇਰਸ ਤੋਂ ਬਚਾਅ ਲਈ ਲੋੜੀਂਦੀ ਸਾਵਧਾਨੀ ਵਰਤਣੀ ਜਿਵੇਂ ਮਾਸਕ, ਦਸਤਾਨੇ, ਸੈਨੇਟਾਈਜ਼ਰ ਦੀ ਵਰਤੋਂ, ਸਮਾਜਿਕ ਦੂਰੀ ਆਦਿ ਦਾ ਲਾਜ਼ਮੀ ਧਿਆਨ ਰੱਖਣਗੇ।
ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ ਬਾਰੇ ਨਿਰਦੇਸ਼:
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਕਰਿਆਨਾ/ਜਨਰਲ ਸਟੋਰ, ਕੈਮਿਸਟ, ਲੈਬ ਤੇ ਖੇਤੀਬਾੜੀ ਉਪਕਰਨਾਂ ਤੇ ਉਤਪਾਦਾਂ ਨਾਲ ਸਬੰਧਤ ਦੁਕਾਨਦਾਰ ਐਤਵਾਰ ਤੋਂ ਬਿਨਾਂ ਸਾਰੇ ਦਿਨ ਸਵੇਰੇ 7 ਵਜੇ ਤੋਂ 11 ਵਜੇ ਤੱਕ ਕਾਊਂਟਰ ਸੇਲ ਕਰ ਸਕਣਗੇ। ਇਸ ਤੋਂ ਇਲਾਵਾ ਪਾਸ ਵਾਲੇ ਦੁਕਾਨਦਾਰ ਸ਼ਾਮ 5 ਵਜੇ ਤੱਕ ਪਹਿਲਾਂ ਵਾਂਗ ਹੋਮ ਡਿਲਿਵਰੀ ਕਰ ਸਕਣਗੇ। ਇਹ ਦੁਕਾਨਾਂ ਐਤਵਾਰ ਨਹੀਂ ਖੁੱਲ੍ਹਣਗੀਆਂ। ਜ਼ਰੂਰੀ ਵਸਤਾਂ ਦੀ ਸਪਲਾਈ ਲਈ ਈ-ਕਾਮਰਸ ਸੇਵਾ ਵੀ ਜਾਰੀ ਰਹਿ ਸਕੇਗੀ। ਉਨ੍ਹਾਂ ਦੱਸਿਆ ਕਿ ਦੁੱਧ, ਸਬਜ਼ੀ, ਫਲਾਂ ਆਦਿ ਜ਼ਰੂਰੀ ਵਸਤਾਂ ਦੀ ਘਰ-ਘਰ ਸਪਲਾਈ ਜਾਰੀ ਰਹੇਗੀ।
ਕਿਹੜੀਆਂ ਦੁਕਾਨਾਂ/ਅਦਾਰੇ ਨਹੀਂ ਖੁੱਲ੍ਹ ਸਕਣਗੇ:
ਸ਼ਰਾਬ ਦੇ ਠੇਕੇ, ਤੰਬਾਕ ਦੀ ਵਿਕਰੀ, ਸੈਲੂਨ, ਹਜ਼ਾਮਤ ਦੀਆਂ ਦੁਕਾਨਾਂ, ਬਿਊਟੀ ਪਾਰਲਰ, ਸਾਰੇ ਵਿਦਿਅਕ, ਟਰੇਨਿੰਗ, ਕੋਚਿੰਗ ਇੰਸਟੀਚਿਊਟ, ਆਈਲੈਟਸ ਇੰਸਟੀਚਿਊਟ, ਹਾਸਪੀਟੈਲਿਟੀ ਸੇਵਾਵਾਂ, ਸਾਪਿੰਗ ਮਾਲਜ਼, ਸਾਰੇ ਸਿਨੇਮਾ ਹਾਲ, ਜਿੰਮ, ਸਪੋਰਟਸ ਕੰਪਲੈਕਸ, ਸਵਿਮਿੰਗ ਪੂਲ, ਐਂਟਰਟੇਨਮੈਂਟ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਰੈਸਟੋਰੈਂਟ, ਅਸੈਂਬਲੀ ਹਾਲ ਤੇ ਹੋਰ ਸਬੰਧਤ ਥਾਵਾਂ, ਸਾਰੇ ਤਰ੍ਹਾਂ ਦੇ ਸਮਾਜਿਕ, ਰਾਜਨੀਤਿਕ, ਖੇਡ, ਮਨੋਰੰਜਕ, ਵਿਦਿਅਕ, ਸੱਭਿਆਚਾਰਕ, ਧਾਰਮਿਕ ਸਮਾਗਮ ਤੇ ਹੋਰ ਇਕੱਠ, ਸਾਰੇ ਧਾਰਮਿਕ ਸਮਾਗਮਾਂ ’ਤੇ ਪਾਬੰਦੀ ਰਹੇਗੀ।
ਲੌਕਡਾਊਨ ਦੌਰਾਨ ਪੰਜਾਬ ਤੋਂ ਵੱਡੀ ਖ਼ਬਰ, ਸਵੇਰ ਤੋਂ ਦੁਕਾਨਾਂ ਖੁੱਲ੍ਹਣ ਦੇ ਸਮੇਂ ਦਾ ਐਲਾਨ
ਏਬੀਪੀ ਸਾਂਝਾ
Updated at:
30 Apr 2020 07:50 PM (IST)
ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਦੁਕਾਨਾਂ ਅਤੇ ਐਸਟੇਬਲਿਸ਼ਮੈਂਟ ਐਕਟ ਅਧੀਨ ਆਉਂਦੀਆਂ ਸਾਰੀਆਂ ਦੁਕਾਨਾਂ (ਮਲਟੀ ਬਰਾਂਡ ਤੇ ਸਿੰਗਲ ਬਰਾਂਡ ਮਾਲਜ਼ ਨੂੰ ਛੱਡ ਕੇ ) ਸਵੇਰ 7 ਤੋਂ 11 ਵਜੇ ਤੱਕ ਖੁੱਲ੍ਹਣਗੀਆਂ।
- - - - - - - - - Advertisement - - - - - - - - -