ਬਰਨਾਲਾ: ਪੰਜਾਬ ਸੂਬੇ ‘ਚ ਆਏ ਦਿਨ ਨਸ਼ਾ ਤਸਕਰ ਪੁਲਿਸ ਦੇ ਅੜਿਕੇ ਆ ਰਹੇ ਹਨ। ਅਜਿਹੇ ‘ਚ ਬਰਨਾਲਾ ਪੁਲਿਸ ਨੇ ਨਸ਼ਾ ਖਿਲਾਫ ਚਲਾਈ ਮੁਹਿੰਮ ‘ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸਾਹਮਣੇ ਆਈ ਜਾਕਣਾਰੀ ‘ਚ ਬਰਨਾਲਾ ਦੀ ਸੀਆਈਏ ਸਟਾਫ ਨੇ ਦੋ ਨਸ਼ਾ ਤਸਕਰਾਂ ਨੂੰ ਇੱਕ ਲੱਖ ਤੋਂ ਜ਼ਿਆਦਾ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਪੀ (ਡੀ) ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਬਰਨਾਲਾ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਤੇਜ਼ ਕੀਤੀ ਹੋਈ ਹੈ। ਜਿਸ ਤਹਿਤ ਲਗਾਤਾਰ ਨਸ਼ਾ ਤਸਕਰਾਂ ਦੀ ਚੇਨ ਤੋੜੀ ਜਾ ਰਹੀ ਹੈ ਅਤੇ ਨਸ਼ਾ ਸਪਲਾਈ ਕਰਨ ਵਾਲੇ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ।

ਇਸੇ ਤਹਿਤ ਹੀ ਬਰਨਾਲਾ ਦੇ ਸੀਆਈਏ ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਦੀ ਪੁਲਿਸ ਪਾਰਟੀ ਨੇ ਦੋ ਕਾਰ ਸਵਾਰ ਨਸ਼ਾ ਤਸਕਰਾਂ ਨੂੰ 1 ਲੱਖ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਉਨਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੁਰਮੀਤ ਸਿੰਘ ਪੁੱਤਰ ਪੱਪੂ ਨਿਵਾਸੀ ਇੰਦਰਾ ਬਸਤੀ ਸੁਨਾਮ ਅਤੇ ਸੰਨੀ ਪੁੱਤਰ ਸੱਤਪਾਲ ਨਿਵਾਸੀ ਸਾਈਂ ਕਾਲੋਨੀ ਸੁਨਾਮ ਆਪਣੀ ਸਵਿਫਟ ਡਿਜ਼ਾਇਰ ਗੱਡੀ 'ਚ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਬਰਨਾਲਾ ਆ ਰਹੇ ਹਨ। ਇਹ ਗੋਲੀਆਂ ਬਰਨਾਲਾ ਨਿਵਾਸੀ ਕੇਸਰ ਸਿੰਘ ਨੂੰ ਸਪਲਾਈ ਕੀਤੀਆਂ ਜਾਣੀਆਂ ਸਨ।



ਸੀਆਈਏ ਸਟਾਫ਼ ਦੀ ਪੁਲਿਸ ਪਾਰਟੀ ਵੱਲੋਂ ਕਸਬਾ ਹੰਢਿਆਇਆ ਨਜ਼ਦੀਕ ਨਾਕੇਬੰਦੀ ਦੌਰਾਨ ਕਾਰ ਸਵਾਰ ਦੋਵੇਂ ਵਿਅਕਤੀਆਂ ਨੂੰ ਇੱਕ ਲੱਖ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ। ਇਸ ਮਾਮਲੇ ਵਿੱਚ ਕੇਸਰ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈਮੁੱਢਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਇਹ ਵਿਅਕਤੀ ਦਿੱਲੀ ਅਤੇ ਹੋਰ ਬਾਹਰੀ ਸਟੇਟਾਂ ਤੋਂ ਨਸ਼ੀਲੇ ਪਦਾਰਥ ਲਿਆਉਂਦੇ ਸਨ ਅਤੇ ਬਰਨਾਲਾ, ਸੰਗਰੂਰ ਅਤੇ ਸੁਨਾਮ ਏਰੀਏ 'ਚ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ 'ਤੇ ਪਹਿਲਾਂ ਵੀ ਨਸ਼ਾ ਸਪਲਾਈ ਕਰਨ ਦੇ ਪਰਚੇ ਦਰਜ ਹਨ।