Batala Road Accident : ਗੁਰਦਾਸਪੁਰ ਦੇ ਬਟਾਲਾ ਵਿਖੇ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਦੇ ਟੈਂਪੋ ਟਰੈਵਲਰ ਦੀ ਇੱਕ ਟਿੱਪਰ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ ਮਹਿਲਾ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 14 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਉਧੋਵਾਲ ਅੱਡੇ ਨੇੜੇ ਅੱਗੇ ਜਾ ਰਹੇ ਟਿੱਪਰ ਚਾਲਕ ਨੇ ਅਚਾਨਕ ਮੋੜ ਕੱਟ ਦਿੱਤਾ, ਜਿਸ ਕਾਰਨ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਟੈਂਪੋ ਟ੍ਰੈਵਲਰ ਦੀ ਟਿੱਪਰ ਨਾਲ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਟੈਂਪੋ ਟ੍ਰੈਵਲਰ ਦੇ ਪਰਖੱਚੇ ਉੱਡ ਗਏ।
ਹਾਦਸੇ ਦਾ ਸ਼ਿਕਾਰ ਹੋਏ ਸਾਰੇ ਸ਼ਰਧਾਲੂ ਮਾਨਸਾ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਅਤੇ ਪੁਲਿਸ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਸਾਰੇ ਜ਼ਖ਼ਮੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਤੋਂ ਬਾਅਦ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।
ਟਿੱਪਰ ਦੇ ਅਚਾਨਕ ਮੋੜਨ ਕਾਰਨ ਵਾਪਰਿਆ ਹਾਦਸਾ
'ਪਾਂਡੇ ਟੂਰ ਐਂਡ ਟ੍ਰੈਵਲ' ਬਟਾਲਾ ਦੇ ਮੈਂਬਰ ਸੁਦੇਸ਼ ਕੁਮਾਰ ਬੋਬੀਆ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 6 ਵਜੇ ਵਾਪਰਿਆ, ਜਦੋਂ ਇੱਕ ਟਿੱਪਰ ਮੁੱਖ ਹਾਈਵੇ ਤੋਂ ਹੇਠਾਂ ਸਲਿੱਪ ਰੋਡ ਵੱਲ ਉਤਰ ਰਿਹਾ ਸੀ। ਟਿੱਪਰ ਦੇ ਅਚਾਨਕ ਮੋੜਨ ਕਾਰਨ ਪਿੱਛੇ ਤੋਂ ਆ ਰਿਹਾ ਤੇਜ਼ ਰਫ਼ਤਾਰ ਟੈਂਪੋ ਟ੍ਰੈਵਲਰ , ਟਿੱਪਰ ਨਾਲ ਟਕਰਾ ਗਿਆ।
ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਇਸ ਹਾਦਸੇ ਲਈ ਟਿੱਪਰ ਚਾਲਕ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਟੈਂਪੋ ਟ੍ਰੈਵਲਰ ਵਿੱਚ ਡਰਾਈਵਰ ਸਮੇਤ ਕੁੱਲ 15 ਯਾਤਰੀ ਸਵਾਰ ਸਨ। ਇਹ ਸਾਰੇ ਇੱਕ ਟੂਰ ਕੰਪਨੀ ਰਾਹੀਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਏ ਹੋਏ ਸਨ। ਉਹ ਪਹਿਲਾਂ ਸ੍ਰੀਨਗਰ ਗਏ ਸਨ ਅਤੇ ਫਿਰ ਕਟੜਾ ਵਿੱਚ ਦੋ ਦਿਨ ਬਿਤਾਉਣ ਤੋਂ ਬਾਅਦ ਰਾਤ ਕਰੀਬ 10 ਵਜੇ ਵਾਪਸੀ ਲਈ ਰਵਾਨਾ ਹੋਏ ਸਨ। ਉਨ੍ਹਾਂ ਨੇ ਅੰਮ੍ਰਿਤਸਰ ਰੁਕਣ ਤੋਂ ਬਾਅਦ ਤਲਵੰਡੀ ਸਾਬੋ (ਬਠਿੰਡਾ) ਪਹੁੰਚਣਾ ਸੀ।
ਇੱਕ ਦੀ ਮੌਕੇ 'ਤੇ, ਦੂਜੇ ਦੀ ਰਸਤੇ ਵਿੱਚ ਮੌਤ
ਹਾਦਸੇ ਦੀ ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਅਤੇ ਐੱਸਐੱਸਐੱਫ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਟ੍ਰੈਵਲਰ ਦੇ ਮਾਲਕ ਸੁਦੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸਾਰੇ ਯਾਤਰੀਆਂ ਨੂੰ ਨੁਕਸਾਨੀ ਗਈ ਗੱਡੀ ਵਿੱਚੋਂ ਸੁਰੱਖਿਅਤ ਬਾਹਰ ਕੱਢ ਕੇ ਤੁਰੰਤ ਸਿਵਲ ਹਸਪਤਾਲ ਬਟਾਲਾ ਪਹੁੰਚਾਇਆ।
ਇਸ ਹਾਦਸੇ ਵਿੱਚ ਇੱਕ ਯਾਤਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਦਮ ਤੋੜ ਦਿੱਤਾ। ਮ੍ਰਿਤਕਾਂ ਵਿੱਚ ਇੱਕ ਪੁਰਸ਼ ਅਤੇ ਇੱਕ ਮਹਿਲਾ ਸ਼ਾਮਲ ਹਨ। ਤਿੰਨ ਗੰਭੀਰ ਜ਼ਖ਼ਮੀਆਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਇੱਕ ਯਾਤਰੀ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ, ਜਦਕਿ ਟੈਂਪੋ ਟ੍ਰੈਵਲਰ ਦੇ ਡਰਾਈਵਰ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਮੌਕੇ 'ਤੇ ਪਹੁੰਚੇ ਐੱਸਐੱਸਐੱਫ ਚੌਕੀ ਇੰਚਾਰਜ ਹਰਦਿਆਲ ਜੌਹਲ ਨੇ ਦੱਸਿਆ ਕਿ ਹਾਦਸਾਗ੍ਰਸਤ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੁਲਿਸ ਵੱਲੋਂ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਟਿੱਪਰ ਚਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
