ਗੁਰਦਾਸਪੁਰ: ਪਿਛਲੇ ਦਿਨੀਂ ਬਟਾਲਾ ਦੀ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਦੀ ਮੈਜਿਸਟ੍ਰੀਅਲ ਜਾਂਚ ਦੀ ਰਿਪੋਰਟ ਨੂੰ ਮੁੱਖ ਰੱਖਦੇ ਹੋਏ ਸੁਪਰਡੈਂਟ-ਗ੍ਰੇਡ 2 (ਮਾਲ) ਗੁਰਦਾਸਪੁਰ ਅਨਿਲ ਕੁਮਾਰ ਨੂੰ ਤੁਰੰਤ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੌਰਾਨ ਉਨ੍ਹਾਂ ਦਾ ਹੈੱਡਕੁਆਟਰ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਦੀਨਾਨਗਰ ਹੋਵੇਗਾ ਤੇ ਉਹ ਉਨ੍ਹਾਂ ਦੀ ਪ੍ਰਵਾਨਗੀ ਤੋਂ ਬਿਨਾਂ ਕਿਧਰੇ ਬਾਹਰ ਨਹੀਂ ਜਾ ਸਕਣਗੇ।


ਇਸੇ ਤਰ੍ਹਾਂ ਜੂਨੀਅਰ ਸਹਾਇਕ ਹਾਲ ਬਿੱਲ ਕਲਰਕ ਤਹਿਸੀਲ ਦਫਤਰ ਗੁਰਦਾਸਪੁਰ ਮੁਲਖ ਰਾਜ ਨੂੰ ਵੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੌਰਾਨ ਉਨ੍ਹਾਂ ਦਾ ਹੈੱਡਕੁਆਟਰ ਦਫਤਰ ਉਪ ਮੰਡਲ ਮੈਜਿਸਟ੍ਰੇਟ ਡੇਰਾ ਬਾਬਾ ਨਾਨਕ ਹੋਵੇਗਾ ਤੇ ਉਹ ਉਨ੍ਹਾਂ ਦੀ ਪ੍ਰਵਾਨਗੀ ਤੋਂ ਬਿਨਾਂ ਕਿਤੇ ਬਾਹਰ ਨਹੀਂ ਜਾਣਗੇ।


ਇਸ ਤੋਂ ਇਲਾਵਾ ਜੂਨੀਅਰ ਸਹਾਇਕ ਹਾਲ ਅਮਲਾ ਸ਼ਾਖਾ ਗੁਰਿੰਦਰ ਸਿੰਘ ਨੂੰ ਵੀ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੌਰਾਨ ਉਨ੍ਹਾਂ ਦਾ ਹੈੱਡ ਕੁਆਟਰ ਦਫਤਰ ਉਪਮੰਡਲ ਮੈਜਿਸਟ੍ਰੇਟ, ਡੇਰਾ ਬਾਬਾ ਨਾਨਕ ਹੋਵੇਗਾ। ਦੱਸ ਦੇਈਏ ਪੰਜਾਬ ਸਰਕਾਰ ਵੱਲੋਂ ਬਟਾਲਾ ਪਟਾਕਾ ਫੈਕਟਰੀ ਹਾਦਸੇ ਦੀ ਮੈਜਿਸਟ੍ਰੀਅਲ ਪੜਤਾਲ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਤੇਜਿੰਦਰਪਾਲ ਸਿੰਘ ਸੰਧੂ ਨੂੰ ਸੌਂਪੀ ਗਈ ਸੀ।


ਯਾਦ ਰਹੇ ਸਤੰਬਰ ਮਹੀਨੇ ਵਿੱਚ ਬਟਾਲਾ ਦੀ ਪਟਾਕਾ ਫੈਕਟਰੀ ਵਿੱਚ ਜ਼ਬਰਦਸਤ ਧਮਾਕਾ ਹੋਇਆ ਸੀ ਜਿਸ 'ਚ 23 ਲੋਕਾਂ ਦੀ ਜਾਨ ਚਲੀ ਗਈ ਤੇ ਕਈ ਜ਼ਖ਼ਮੀ ਹੋ ਗਏ ਸੀ। ਇਸ ਮਾਮਲੇ ਵਿੱਚ ਧਮਾਕੇ ਨੂੰ ਲੈ ਕੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨਾਲ ਬਹਿਸਬਾਜ਼ੀ ਕਰਨ ਲਈ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਵੀ ਬਟਾਲਾ ਦੇ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ।